ਪ੍ਰਣਬ ਮੁਖਰਜੀ, ਨਾਨਾ ਜੀ ਦੇਸ਼ਮੁਖ, ਭੂਪੇਨ ਹਜ਼ਾਰੀਕਾ ਨੂੰ ਮਿਲਿਆ ਭਾਰਤ ਰਤਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਜ਼ਾਰੀਕਾ ਅਤੇ ਦੇਸ਼ਮੁਖ ਨੂੰ ਇਹ ਸਨਮਾਨ ਮਰਨ ਉਪਰੰਤ ਦਿਤਾ ਗਿਆ

Former President Pranab Mukherjee awarded Bharat Ratna

ਨਵੀਂ ਦਿੱਲੀ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਭਾਰਤੀ ਜਨਸੰਘ ਦੇ ਮਰਹੂਮ ਆਗੂ ਨਾਨਾ ਜੀ ਦੇਸ਼ਮੁਖ ਅਤੇ ਮਰਹੂਮ ਗਾਇਕ ਭੂਪੇਨ ਹਜ਼ਾਰੀਕਾ ਨੂੰ ਦੇਸ਼ ਦਾ ਸੱਭ ਤੋਂ ਵੱਡਾ ਨਾਗਰਿਕ ਸਨਮਾਨ ਭਾਰਤ ਰਤਨ ਦਿਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਚ ਹੋਏ ਸਮਾਗਮ ਵਿਚ ਮੁਖਰਜੀ, ਹਜ਼ਾਰੀਕਾ ਦੇ ਬੇਟੇ ਤੇਜ ਅਤੇ ਨਾਨਾਜੀ ਦੇਸ਼ਮੁਖ ਦੇ ਕਰੀਬੀ ਰਿਸ਼ਤੇਦਾਰ ਵਿਰੇਂਦਰਜੀਤ ਸਿੰਘ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। ਹਜ਼ਾਰੀਕਾ ਅਤੇ ਦੇਸ਼ਮੁਖ ਨੂੰ ਇਹ ਸਨਮਾਨ ਮਰਨ ਉਪਰੰਤ ਦਿਤਾ ਗਿਆ ਹੈ।

ਰਾਸ਼ਟਰਪਤੀ ਭਵਨ ਦੇ ਸ਼ਾਨਦਾਰ ਦਰਬਾਰ ਹਾਲ ਵਿਚ ਹੋਏ ਸਮਾਗਮ ਵਿਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਈ ਕੇਂਦਰੀ ਮੰਤਰੀ, ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਹੋਰ ਪਤਵੰਤੇ ਮੌਜੂਦ ਸਨ। ਮੁਖਰਜੀ ਇਹ ਸਨਮਾਨ ਹਾਸਲ ਕਰਨ ਵਾਲੇ ਪੰਜਵੇਂ ਰਾਸ਼ਟਰਪਤੀ ਹਨ। ਸਾਬਕਾ ਰਾਸ਼ਟਰਪਤੀ ਡਾ. ਐਸ ਰਾਧਾਕ੍ਰਿਸ਼ਨਨ, ਡਾ. ਰਾਜੇਂਦਰ ਪ੍ਰਸਾਦ, ਡਾ. ਜ਼ਾਕਿਰ ਹੁਸੈਨ ਅਤੇ ਵੀਵੀ ਗਿਰੀ ਨੂੰ ਇਹ ਸਨਮਾਨ ਮਿਲ ਚੁੱਕਾ ਹੈ। 20 ਸਾਲ ਮਗਰੋਂ ਦੋ ਤੋਂ ਵੱਧ ਹਸਤੀਆਂ ਨੂੰ ਭਾਰਤ ਰਤਨ ਦਿਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ 1999 ਵਿਚ ਸਮਾਜਵਾਦੀ ਨੇਤਾ ਜੈਪ੍ਰਕਾਸ਼ ਨਾਰਾਇਣ, ਸਿਤਾਰਵਾਦਕ ਪੰਡਤ ਰਵੀਸ਼ੰਕਰ, ਅਰਥਸ਼ਾਸਤਰੀ ਡਾ. ਅਮਰਤਿਯਾ ਸੇਨ ਅਤੇ ਆਜ਼ਾਦੀ ਘੁਲਾਟੀਏ ਰਹੇ ਗੋਪੀਨਾਥ ਬੋਰਦੋਲੋਈ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਸੀ। ਪ੍ਰਣਬ ਮੁਖਰਜੀ ਵਿੱਤ, ਰਖਿਆ ਅਤੇ ਵਿਦੇਸ਼ ਮੰਤਰੀ ਵੀ ਰਹੇ ਹਨ। ਉਨ੍ਹਾਂ ਦਾ ਜਨਮ 11 ਦਸੰਬਰ 1935 ਨੂੰ ਪਛਮੀ ਬੰਗਾਲ ਦੇ ਮਿਰਾਤੀ ਵਿਚ ਹੋਇਆ ਸੀ। 1969 ਵਿਚ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਵਾਇਆ ਸੀ।