ਬਾਬਾ ਰਾਮਦੇਵ ਨੇ ਸਾਧੂਆਂ ਲਈ ਕੀਤੀ ਭਾਰਤ ਰਤਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਾਬਾ ਰਾਮਦੇਵ ਨੇ ਕਿਹਾ ਕਿ ਹੁਣ ਰਾਜਨੀਤਕ ਅਤੇ ਆਰਥਿਕ ਅਜ਼ਾਦੀ ਮਿਲਣੀ ਬਾਕੀ ਹੈ ।

Baba Ramdev

ਹਰਿਦੁਆਰ : ਬਾਬਾ ਰਾਮਦੇਵ ਨੇ ਗਣਤੰਤਰ ਦਿਵਸ ਮੌਕੇ ਸਾਧੂਆਂ ਲਈ ਭਾਰਤ ਰਤਨ ਦੀ ਮੰਗ ਕੀਤੀ ਹੈ। ਯੋਗਗੁਰੂ ਬਾਬਾ ਰਾਮਦੇਵ ਨੇ ਹਰਿਦੁਆਰ ਦੇ ਪਤੰਜਲੀ ਫੇਜ਼ 1 ਵਿਚ 108 ਫੁੱਟ ਉੱਚੇ ਤਿਰੰਗੇ ਨੂੰ ਲਹਿਰਾਇਆ। ਇਸ ਮੌਕੇ ਆਚਾਰਿਆ ਬਾਲਕ੍ਰਿਸ਼ਨ ਅਤੇ ਪਤੰਜਲੀ ਦੇ ਲਗਭਗ 8 ਹਜ਼ਾਰ ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਹੋਏ। ਇਸ ਦੌਰਾਨ ਰਾਮਦੇਵ ਨੇ ਕਿਹਾ ਕਿ ਹੁਣ ਰਾਜਨੀਤਕ ਅਤੇ ਆਰਥਿਕ ਅਜ਼ਾਦੀ ਮਿਲਣੀ ਬਾਕੀ ਹੈ ।

ਬਾਬਾ ਰਾਮਦੇਵ ਨੇ ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੂੰ ਭਾਰਤ ਰਤਨ ਮਿਲਣ 'ਤੇ ਵਧਾਈ ਦਿਤੀ। ਰਾਮਦੇਵ ਨੇ ਲੋਕਾਂ ਦੇ ਵਿਸ਼ਵਾਸ ਨੂੰ ਦੇਖਦੇ ਹੋਏ ਛੇਤੀ ਤੋਂ ਛੇਤੀ ਸ਼੍ਰੀ ਰਾਮ ਚੰਦਰ ਦੇ ਮੰਦਰ ਦੀ ਉਸਾਰੀ ਮੰਗ ਵੀ ਕੀਤੀ। ਰਾਮਦੇਵ ਨੇ ਇਹ ਵੀ ਕਿਹਾ ਕਿ ਇਸ ਗਣਤੰਤਰ ਦਿਵਸ ਦੇ ਮੌਕੇ ਮੈਂ ਮਹਾਨ ਦੇਸ਼ ਦੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੋ ਤੋਂ ਜ਼ਿਆਦਾ ਬੱਚੇ ਪੈਦਾ ਨਾ ਕਰਨ ਕਿਉਂਕਿ ਹਰ ਰੋਜ਼ ਦੇਸ਼ 'ਤੇ ਅਬਾਦੀ ਦਾ ਬੋਝ ਵੱਧ ਰਿਹਾ ਹੈ।

ਉਹਨਾਂ ਕਿਹਾ ਕਿ 2019 ਦੀਆਂ ਚੋਣਾਂ ਵਿਚ ਧਿਆਨਦੇਣ ਯੋਗ ਗੱਲ ਇਹ ਹੋਵੇ ਕਿ ਕੋਈ ਵੀ ਰਾਜਨੀਤਕ ਦਲ ਭਾਰਤ ਨੂੰ ਜਾਤੀਆਂ ਵਿਚ ਵੰਡ ਨਾ ਸਕੇ। ਦੇਸ਼ ਨੂੰ ਸਿੱਖਿਅਕ, ਆਰਥਿਕ, ਮੈਡੀਕਲ ਅਤੇ ਹੋਰਨਾਂ ਗੁਲਾਮੀ ਦੀਆਂ ਬੇੜੀਆਂ ਤੋਂ ਮੁਕਤ ਕਰਨ ਲਈ ਪ੍ਰਣ ਲੈਣਾ ਚਾਹੀਦਾ ਹੈ। ਉਹਨਾਂ ਚੋਣਾਂ ਤੋਂ ਪਹਿਲਾਂ ਭਾਰਤੀ ਸਿੱਖਿਆ ਬੋਰਡ ਬਣਾਏ ਜਾਣ ਦੀ ਗੱਲ ਵੀ ਕੀਤੀ।

ਰਾਮ ਮੰਦਰ ਦੀ ਉਸਾਰੀ ਵਿਚ ਹੋ ਰਹੀ ਦੇਰੀ 'ਤੇ ਰਾਮਦੇਵ ਨੇ ਕਿਹਾ ਕਿ ਸ਼੍ਰੀ ਰਾਮਚੰਦਰ ਕੋਈ ਰਾਜਨੀਤਕ ਮੁੱਦਾ ਜਾਂ ਕਿਸੇ ਪਾਰਟੀ ਲਈ ਵੋਟ ਬੈਂਕ ਹਨ ਨਹੀਂ ਹਨ। ਉਹ ਇਸ ਦੇਸ਼ ਦਾ ਸਵੈ-ਮਾਣ ਹਨ। ਉਹਨਾਂ ਨੂੰ ਇਸ ਦੇਸ਼ ਵਿਚ ਸਨਮਾਨ ਮਿਲਣਾ ਚਾਹੀਦਾ ਹੈ। ਜੋ ਵੀ ਕਾਨੂੰਨੀ ਪ੍ਰਕਿਰਿਆ ਚਲ ਰਹੀ ਹੈ ਉਸ ਨੂੰ ਛੇਤੀ ਹੀ ਪੂਰਾ ਕਰ ਕੇ ਮੰਦਰ ਦੀ ਉਸਾਰੀ ਹੋਣੀ ਚਾਹੀਦੀ ਹੈ।

ਸਾਬਕਾ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੂੰ ਭਾਰਤ ਰਤਨ ਦਿਤੇ ਜਾਣ 'ਤੇ ਰਾਮਦੇਵ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਭਾਰਤ ਰਤਨ ਦੇ ਕੇ ਸਹੀ ਕੀਤਾ ਹੈ। ਪਿਛਲੇ 70 ਸਾਲਾਂ ਵਿਚ ਕਿਸੇ ਵੀ ਸਾਧੂ ਨੂੰ ਭਾਰਤ ਰਤਨ ਨਹੀਂ ਮਿਲਿਆ ਹੈ। ਭਾਰਤ ਸਰਕਾਰ ਨੂੰ ਅਪੀਲ ਹੈ ਕਿ ਭਵਿੱਖ ਵਿਚ ਕਿਸੇ ਸਾਧੂ ਨੂੰ ਵੀ ਭਾਰਤ ਰਤਨ ਦਿਤਾ ਜਾਵੇ।