ਲੋਕਾਂ ਨੂੰ ਹਿੰਦੂਤਵ ਵਿਚਾਰਧਾਰਾ ਨਾਲ ਜੋੜਨ ਲਈ ਤਕਨੀਕ ਦੀ ਵਰਤੋਂ ਕਰੋ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੂ ਦਰਸ਼ਨ ਦੇ ਵੱਖ-ਵੱਖ ਪਹਿਲੂ ਵਿਸ਼ਵ ਦੇ ਸਾਹਮਣੇ ਪੇਸ਼ ਕਈ ਸਮੱਸਿਆਵਾਂ ਦਾ ਹੱਲ ਦੇ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ...

PM Narender Modi

ਸ਼ਿਕਾਗੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਿੰਦੂ ਦਰਸ਼ਨ ਦੇ ਵੱਖ-ਵੱਖ ਪਹਿਲੂ ਵਿਸ਼ਵ ਦੇ ਸਾਹਮਣੇ ਪੇਸ਼ ਕਈ ਸਮੱਸਿਆਵਾਂ ਦਾ ਹੱਲ ਦੇ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਹਿੰਦੂਵਤਵ ਦੇ ਵਿਚਾਰਾਂ ਨਾਲ ਹੋਰ ਲੋਕਾਂ ਨੂੰ ਜੋੜਨ ਦੇ ਲਈ ਤਕਨੀਕ ਦੀ ਵਰਤੋਂ ਦਾ ਸੱਦਾ ਦਿਤਾ। ਮੋਦੀ ਨੇ ਦੂਜੇ ਵਿਸ਼ਵ ਹਿੰਦੂ ਕਾਂਗਰਸ ਨੂੰ ਭੇਜੇ ਅਪਣੇ ਸੰਦੇਸ਼ ਵਿਚ ਕਿਹਾ ਕਿ ਵੱਖ-ਵੱਖ ਪ੍ਰਾਚੀਨ ਮਹਾਕਾਵਿਆਂ ਅਤੇ ਸ਼ਾਸਤਰਾਂ ਨੂੰ ਡਿਜ਼ੀਟਲ ਰੂਪ ਵਿਚ ਲਿਆਉਣ ਨਾਲ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਨਾਲ ਬਿਹਤਰ ਤਰੀਕੇ ਨਾਲ ਜੁੜ ਸਕੇਗੀ। 

ਉਨ੍ਹਾਂ ਕਿਹਾ ਕਿ ਇਹ ਆਉਣ ਵਾਲੀ ਪੀੜ੍ਹੀ ਦੇ ਲਈ ਮਹਾਨ ਸੇਵਾ ਹੋਵੇਗੀ। ਮੋਦੀ ਨੇ ਕਿਹਾ ਕਿ ਤਕਨੀਕ ਦੇ ਯੁੱਗ ਵਿਚ ਮੈਂ ਵਿਸ਼ੇਸ਼ ਰੂਪ ਨਾਲ ਇਸ ਸੰਮੇਲਨ ਦੇ ਸਨਮਾਨਿਤ ਨੁਮਾਇੰਦਿਆਂ ਨੂੰ ਸੱਦਾ ਦਿੰਦਾ ਹਾਂ ਕਿ ਉਹ ਉਨ੍ਹਾਂ ਤਰੀਕਿਆਂ 'ਤੇ ਵਿਚਾਰ ਕਰਨ ਜਿਨ੍ਹਾਂ ਦੀ ਵਰਤੋਂ ਨਾਲ ਹਿੰਦੂਤਵ ਦੇ ਵਿਚਾਰ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਿਆ ਜਾ ਸਕਦਾ ਹੈ। ਸੰਮੇਲਨ ਦੇ ਉਦਘਾਟਨ ਸੈਸ਼ਨ ਵਿਚ 60 ਤੋਂ ਜ਼ਿਆਦਾ ਦੇਸ਼ਾਂ ਤੋਂ ਕਰੀਬ 2500 ਨੁਮਾਇੰਦੇ ਅਤੇ ਹਿੰਦੂ ਨੇਤਾ ਸ਼ਾਮਲ ਹੋਏ।

ਮੋਦੀ ਨੇ ਅਪਣੇ ਸੰਦੇਸ਼ ਵਿਚ ਉਮੀਦ ਪ੍ਰਗਟਾਈ ਕਿ ਇਸ ਸੰਮੇਲਨ ਵਿਚ ਇਸ ਗੱਲ 'ਤੇ ਜ਼ੋਰ ਦਿਤਾ ਜਾਵੇਗਾ ਕਿ ਭਾਰਤ ਅਪਣੇ ਗਿਆਨ ਦੇ ਪ੍ਰਾਚੀਨ ਖ਼ਜ਼ਾਨੇ ਦੇ ਜ਼ਰੀਏ ਬੌਧਿਕ ਅਤੇ ਸਭਿਆਚਾਰਕ ਰੂਪ ਨਾਲ ਵਿਸ਼ਵ ਦੇ ਨਾਲ ਕਿਸ ਤਰੀਕੇ ਨਾਲ ਬਿਹਤਰ ਢੰਗ ਨਾਲ ਜੁੜ ਸਕਦਾ ਹੈ। ਇਸ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਬਿਹਤਰ ਤਰੀਕੇ ਨਾਲ ਜਿਉਣ ਅਤੇ ਅੱਗੇ ਵਧਣ ਦੇ ਲਈ ਕਿਵੇਂ ਸਮਝ ਵਿਕਸਤ ਕਰ ਸਕੇ ਅਤੇ ਸਾਂਝੇਦਾਰੀ ਕਰ ਸਕੇ। ਇਹ ਸੰਦੇਸ਼ ਮਸ਼ਹੂਰ ਭਾਰਤੀ ਅਮਰੀਕੀ ਭਾਰਤ ਬਰਾਈ ਨੇ ਪੜ੍ਹਿਆ।

ਮੋਦੀ ਨੇ ਕਿਹਾ ਕਿ ਇਹ ਸੰਮੇਲਨ ਜਿਸ ਤਰ੍ਹਾਂ ਨਾਲ ਵਿਚਾਰਕਾਂ, ਵਿਦਵਾਨਾਂ, ਬੁੱਧੀਜੀਵੀਆਂ, ਵਿਚਾਰਕਾਂ ਨੂੰ ਇਕ ਮੰਚ 'ਤੇ ਲਿਆਇਆ ਹੈ, ਉਹ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦੂਤਵ ਮਨੁੱਖ ਜਾਤੀ ਦੇ ਇਤਿਹਾਸ ਵਿਚ ਸਭ ਤੋਂ ਪੁਰਾਣਾ ਮੱਤ ਹੈ। ਉਨ੍ਹਾਂ ਕਿਹਾ ਕਿ ਹਿੰਦੂ ਦਰਸ਼ਨ ਦੇ ਵੱਖ-ਵੱਖ ਪਹਿਲੂਆਂ ਵਿਚ ਅਸੀਂ ਉਨ੍ਹਾਂ ਅਨੇਕ ਸਮੱਸਿਆਵਾ ਦਾ ਹੱਲ ਕੱਢ ਸਕਦੇ ਹਾਂ, ਜਿਨ੍ਹਾਂ ਨੇ ਵਿਸ਼ਵ ਨੂੰ ਅੱਜ ਜਕੜਿਆ ਹੋਇਆ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਹ ਸੰਮੇਲਨ ਸ਼ਿਕਾਗੋ ਵਿਚ ਹੋ ਰਿਹਾ ਹੈ ਜੋ ਹਰੇਕ ਭਾਰਤੀ ਨੂੰ ਉਸ ਮਾਣ ਵਾਲੇ ਪਲ ਦੀ ਯਾਦ ਦਿਵਾਉਂਦਾ ਹੈ ਜਦੋਂ ਸਵਾਮੀ ਵਿਵੇਕਾਨੰਦ ਨੇ 1893 ਵਿਚ ਵਿਸ਼ਵ ਧਰਮ ਸੰਸਦ ਨੂੰ ਸੰਬੋਧਨ ਕੀਤਾ ਸੀ। ਉਹ ਵੀ 125 ਸਾਲ ਪਹਿਲਾਂ ਸਤੰਬਰ ਦੇ ਮਹੀਨੇ ਵਿਚ।