ਘਰ 'ਚ ਬੰਬ ਰੱਖਣ ਦੇ ਦੋਸ਼ੀ ਵੈਭਵ ਰਾਊਤ ਦੀ ਗ੍ਰਿਫ਼ਤਾਰੀ ਵਿਰੁਧ ਹਿੰਦੂ ਸੰਗਠਨਾਂ ਨੇ ਕੱਢੀ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਵਲੋਂ ਘਰ ਤੋਂ ਬੰਬ ਅਤੇ ਵਿਸਫ਼ੋਟਕ ਸਮੱਗਰੀ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਵੈਭਵ ਰਾਊਤ ਦੇ ਸਮਰਥਨ ਵਿਚ ਕੁੱਝ ਲੋਕਾਂ ...

Right Wing Group Rally for Vaibhav Raut

ਮੁੰਬਈ : ਮਹਾਰਾਸ਼ਟਰ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਵਲੋਂ ਘਰ ਤੋਂ ਬੰਬ ਅਤੇ ਵਿਸਫ਼ੋਟਕ ਸਮੱਗਰੀ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਵੈਭਵ ਰਾਊਤ ਦੇ ਸਮਰਥਨ ਵਿਚ ਕੁੱਝ ਲੋਕਾਂ ਨੇ ਰੈਲੀ ਕੱਢੀ ਅਤੇ ਮਹਾਰਸ਼ਟਰ ਏਟੀਐਸ ਦੇ ਵਿਰੁਧ ਨਾਅਰੇਬਾਜ਼ੀ ਕੀਤੀ। ਏਟੀਐਸ ਨੇ 10 ਅਗੱਸਤ ਨੂੰ ਮਹਾਰਸ਼ਟਰ ਵਿਚ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਇਲਾਕੇ ਵਿਚ ਇਕ ਘਰ ਤੋਂ ਅੱਠ ਦੇਸੀ ਬੰਬ ਬਰਾਮਦ ਕੀਤੇ ਸਨ। ਏਟੀਐਸ ਨੇ ਇਸ ਮਾਮਲੇ ਵਿਚ ਵੈਭਵ ਰਾਊਤ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਕਥਿਤ ਰੂਪ ਨਾਲ ਦੱਖਣਪੰਥੀ ਸੰਗਠਨ ਸਨਾਤਨ ਸੰਸਥਾ ਦਾ ਸਮਰਥਕ ਹੈ। 

ਵਿਸਫ਼ੋਟਕ ਤੋਂ ਇਲਾਵਾ ਕੁੱਝ ਕਿਤਾਬਾਂ ਵੀ ਉਸ ਕੋਲੋਂ ਬਰਾਮਦ ਕੀਤੀਆਂ ਗਈਆਂ ਸਨ। ਦਸਿਆ ਜਾ ਰਿਹਾ ਹੈ ਕਿ ਸਥਾਨਕ ਦੱਖਣਪੰਥੀ ਸੰਗਠਨਾਂ ਨੇ 17 ਅਗੱਸਤ ਨੂੰ ਵੈਭਵ ਰਾਊਤ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਰੈਲੀ ਕੱਢੀ ਅਤੇ ਉਸ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਕ ਏਟੀਐਸ ਅਧਿਕਾਰੀ ਨੇ ਦਸਿਆ ਕਿ ਕੁੱਝ ਸਥਾਨਕ ਹਿੰਦੂ ਸੰਗਠਨਾਂ ਨੇ ਮਿਲ ਕੇ ਇਹ ਰੈਲੀ ਕੱਢੀ ਸੀ। ਦੋ ਹਜ਼ਾਰ ਜ਼ਿਆਦਾ ਲੋਕ ਇਸ ਰੈਲੀ ਵਿਚ ਸ਼ਾਮਲ ਸਨ। ਅਧਿਕਾਰੀ ਨੇ ਦਸਿਆ ਕਿ ਸੋਪਾਰਾ ਪਿੰਡ ਤੋਂ ਲੈ ਕੇ ਨਾਲਾਸੋਪਾਰਾ ਰੇਲਵੇ ਸਟੇਸ਼ਨ ਤਕ ਇਹ ਮਾਰਚ ਕੱਢਿਆ ਗਿਆ ਸੀ।

ਵੈਭਵ ਰਾਊਤ ਕਥਿਤ ਤੌਰ 'ਤੇ ਨਲਸੋਪਾਰਾ ਵਿਚ ਗਾਂ ਸੰਭਾਲ ਸੰਗਠਨ ਚਲਾਉਂਦਾ ਸੀ। ਰਾਊਤ ਨੂੰ ਸ਼ਰਦ ਕਲਾਸਕਰ ਅਤੇ ਸੁਧਾਨਵ ਗੋਂਡਲੇਕਰ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ ਹੈ ਕਿ ਇਹ ਤਿੰਨੇ ਆਜ਼ਾਦੀ ਦਿਵਸ ਅਤੇ ਬਕਰੀਦ ਤਿਓਹਾਰ ਤੋਂ ਪਹਿਲਾਂ ਰਾਜ ਵਿਚ ਵਿਸਫ਼ੋਟ ਕਰਨ ਦੀ ਯੋਜਨਾ ਬਣਾ ਰਹੇ ਸਨ। ਇਸ ਦੌਰਾਨ ਏਟੀਐਸ ਨੇ ਕਿਹਾ ਸੀ ਕਿ ਜੇਕਰ ਨਰਿੰਦਰ ਦਾਭੋਲਕਰ, ਗੋਵਿੰਦ ਪੰਸਾਰੇ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਹੱਤਿਆਵਾ ਦੇ ਨਾਲ ਇਨ੍ਹਾਂ ਦਾ ਕੋਈ ਵੀ ਸਬੰਧ ਹੋਵੇਗਾ ਤਾਂ ਇਸ ਦੀ ਜਾਂਚ ਕੀਤੀ ਜਾਵੇਗੀ।

ਦਸ ਦਈਏ ਕਿ ਸਨਾਤਨ ਸੰਸਥਾ ਨਾਲ ਸਬੰਧਤ ਲੋਕਾਂ ਨੂੰ ਵਾਸ਼ੀ, ਠਾਣੇ, ਪਨਵੇਲ (2007) ਅਤੇ ਗੋਆ (2009) ਵਿਸਫ਼ੋਟ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪ੍ਰਗਤੀਸ਼ੀਲ ਲੇਖਕ ਅਤੇ ਵਿਚਾਰਕ ਨਰਿੰਦਰ ਦਾਭੋਲਕਰ (2013), ਗੋਵਿੰਦ ਪੰਸਾਰੇ ਅਤੇ ਐਮਐਸ ਕੁਲਬੁਰਗੀ (2015) ਅਤੇ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀਆਂ ਹੱਤਿਆਵਾਂ ਵਿਚ ਸਨਾਤਨ ਸੰਸਥਾ ਨਾਲ ਸਬੰਧਤ ਲੋਕਾਂ ਦਾ ਨਾਮ ਸਾਹਮਣੇ ਆਇਆ ਹੈ। ਵਿਸਫ਼ੋਟ ਬਰਾਮਦ ਹੋਣ ਦੇ ਮਾਮਲੇ ਵਿਚ ਵੈਭਵ ਰਾਊਤ, ਸ਼ਰਦ ਕਲਾਸਕਰ ਅਤੇ ਸੁਧਾਨਵ ਗੋਂਡਲੇਕਰ ਦੀ ਪੁਲਿਸ ਹਿਰਾਸਤ ਨੂੰ 28 ਅਗੱਸਤ ਤਕ ਲਈ ਵਧਾ ਦਿਤਾ ਗਿਆ ਹੈ।

ਮਹਾਰਾਸ਼ਟਰ ਏਟੀਐਸ ਨੇ ਵੈਭਵ ਰਾਊਤ (40) ਨੂੰ ਮੁੰਬਈ ਦੇ ਨਾਲਾਸੋਪਾਰਾ ਤੋਂ, ਸ਼ਰਦ ਕਲਾਸਕਰ ਨੂੰ ਪਾਲਘਰ ਜ਼ਿਲ੍ਹੇ ਤੋਂ ਅਤੇ ਸੁਧਾਨਵ ਨੂੰ ਪੂਨੇ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੇ ਪੁਲਿਸ ਰਿਮਾਂਡ ਦਾ ਸਮਾਂ ਅੱਜ ਪੂਰਾ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਜਸਟਿਸ ਵਿਨੋਦ ਪਡਾਲਕਰ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਏਟੀਐਸ ਨੇ ਅਦਾਲਤ ਨੂੰ ਦਸਿਆ ਕਿ ਸੋਲਾਪੁਰ ਜ਼ਿਲ੍ਹੇ ਦੇ ਨਤੇਪੁਤੇ ਪਿੰਡ ਤੋਂ ਪ੍ਰਸਾਦ ਦੇਸ਼ਪਾਂਡੇ ਨਾਮ ਦੇ ਇਕ ਵਿਅਕਤੀ ਦੇ ਘਰ ਤੋਂ ਕੁੱਝ ਪੱਤਰਾਂ ਦੇ ਨਾਲ ਹਥਿਆਰ ਅਤੇ ਵਿਸਫ਼ੋਟਕ ਪਦਾਰਥ ਬਰਾਮਦ ਕੀਤੇ ਗਏ ਸਨ।

ਇਸ ਤੋਂ ਇਲਾਵਾ ਏਟੀਐਸ ਨੇ ਦੋਸ਼ੀਆਂ ਵਲੋਂ ਦਿਤੀ ਗਈ ਸੂਚਨਾ ਦੇ ਆਧਾਰ 'ਤੇ ਨਾਲਾਸੋਪਾਰਾ ਅਤੇ ਪੂਨੇ ਤੋਂ ਵਿਸਫ਼ੋਟਕ ਅਤੇ ਹਥਿਆਰ ਅਤੇ ਗੋਲਾ ਬਾਰੂਦ, ਕੁੱਝ ਦਸਤਾਵੇਜ਼, ਪੱਤਰ ਅਤੇ ਚਿੱਟ ਬਰਾਮਦ ਕੀਤੀ ਸੀ। ਏਟੀਐਸ ਨੇ ਕਿਹਾ ਕਿ ਇਨ੍ਹਾਂ ਪੱਤਰਾਂ, ਚਿੱਟਾਂ, ਦਸਤਾਵੇਜ਼ਾਂ, ਮੋਬਾਈਲ ਫ਼ੋਨ ਸੰਦੇਸ਼ਾਂ, ਇਕ ਲੈਪਟਾਪ ਦਾ ਡੈਟਾ, ਹਾਰਡ ਡਿਸਕ ਵਿਚ ਕੋਡ ਵਰਡ ਅਤੇ ਕੋਡ ਭਾਸ਼ਾ ਵਿਚ ਹਨ, ਜਿਸ ਨੂੰ ਏਟੀਐਸ ਸਮਝਣਾ ਚਾਹੁੰਦੀ ਹੈ।