ਜ਼ੀਕਾ ਵਾਇਰਸ ਨੇ ਵਧਾਈ ਭਾਰਤ ਦੀ ਚਿੰਤਾ, 3 ਗਰਭਵਤੀ ਔਰਤਾਂ 'ਚ ਪੁਸ਼ਟੀ,

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ੀਕਾ ਵਾਇਰਸ ਦੇ ਮਾਮਲੇ ਵਿਚ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਹੁਣ ਤੱਕ ਇਹ ਪਤਾ ਨਹੀਂ ਚਲ ਸਕਿਆ ਹੈ ਕਿ ਇਹ ਵਾਇਰਸ ਕਿਸ ਤਰਾਂ ਫੈਲਿਆ ਤੇ ਇਸਦਾ ਸੋਮਾ ਕੀ ਹੈ?

Zika Virus

ਨਵੀਂ ਦਿਲੀ, ( ਪੀਟੀਆਈ) : ਪੋਲੀਓ ਦੇ ਖਤਮ ਹੋ ਚੁਕੇ ਵਾਇਰਸ ਦੇ ਦੁਬਾਰਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਹੁਣ ਰਾਜਸਥਾਨ ਵਿਚ ਜ਼ੀਕਾ ਵਾਇਰਸ ਦੇ ਮਿਲਣ ਦੀ ਰਿਪੋਰਟਾਂ ਕਾਰਨ ਮੁਸ਼ਕਲ ਵਿਚ ਹੈ। ਦਸ ਦਈਏ ਕਿ ਇਥੇ 3 ਗਰਭਵਤੀ ਔਰਤਾਂ ਵਿਚ ਜ਼ੀਕਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਿਸਨੇ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿਤਾ ਹੈ।  

ਸਿਹਤ ਵਿਭਾਗ ਨੇ ਪੰਜ ਮੈਂਬਰੀ ਟੀਮ ਨੂੰ ਜੈਪੁਰ ਭੇਜਣ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦੇ ਭਾਰਤੀ ਦਫਤਰ ਤੋਂ ਮਦਦ ਮੰਗੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਜ਼ੀਕਾ ਵਾਇਰਸ ਦੇ ਮਾਮਲੇ ਵਿਚ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਹੁਣ ਤੱਕ ਇਹ ਪਤਾ ਨਹੀਂ ਚਲ ਸਕਿਆ ਹੈ ਕਿ ਇਹ ਵਾਇਰਸ ਕਿਸ ਤਰਾਂ ਫੈਲਿਆ ਤੇ ਇਸਦਾ ਸੋਮਾ ਕੀ ਹੈ? ਸੰਭਵ ਹੈ ਕਿ ਉਸ ਵਿਅਕਤੀ ਵਿਚ ਅਜੇ ਇਸ ਬੀਮਾਰੀ ਦੇ ਲੱਛਣ ਪ੍ਰਗਟ ਨਾ ਹੋਏ ਹੋਣ ਤੇ ਉਸਦੇ ਰਾਹੀ ਇਹ ਵਾਇਰਸ ਫੈਲ ਰਿਹਾ ਹੋਵੇ।

ਅਧਿਕਾਰੀ ਨੇ ਦਸਿਆ ਕਿ ਜੈਪੂਰ ਵਿਚ ਜਿਥੇ ਜ਼ੀਕਾ ਵਾਇਰਸ ਮਿਲਿਆ ਉਥੇ 10,000 ਪਰਿਵਾਰਾਂ ਦੀ ਸਿਹਤ ਜਾਂਚ ਹੋ ਚੁੱਕੀ ਹੈ। ਉਨਾਂ ਕਿਹਾ ਕਿ ਸਰਵੇਖਣ ਦੀ ਵਿਧੀ ਬਹੁਤ ਸਮਰੱਥ ਹੈ ਅਤੇ ਸਾਡੇ ਕੋਲ ਇਸ ਮਾਮਲੇ ਦੇ ਨਿਪਟਾਰੇ ਦੇ ਪੂਰੇ ਸਾਧਨ ਹਨ ਪਰ ਫਿਰ ਵੀ ਅਸੀ ਵਿਸ਼ਵ ਸਿਹਤ ਸੰਗਠਨ ਨੂੰ ਇਸ ਸਬੰਧੀ ਸੂਚਨਾ ਦੇ ਦਿਤੀ ਹੈ,

ਅਤੇ ਜ਼ਰੂਰਤ ਪੈਣ ਤੇ ਅਸੀਂ ਇਸ ਅੰਤਰਰਾਸ਼ਟਰੀ ਸੰਸਥਾ ਤੋਂ ਮਦਦ ਲੈ ਸਕਦੇ ਹਾਂ। ਅਧਿਕਾਰੀ ਨੇ ਹੋਰ ਦਸਿਆ ਕਿ ਹੋਰਨਾਂ ਰਾਜਾਂ ਵਿਚ ਇਸ ਸਬੰਧੀ ਅਲਰਟ ਜਾਰੀ ਕਰ ਦਿਤਾ ਗਿਆ ਹੈ। ਦਸਣਯੋਗਾ ਹੈ ਕਿ ਬੀਤੇ 25 ਸਤੰਬਰ ਨੂੰ ਜੈਪੁਰ ਦੇ ਸਵਈ ਮਾਨ ਸਿੰਘ ਹਸਪਤਾਲ ਵਿਖੇ ਇਕ ਬਿਰਧ ਔਰਤ ਵਿਚ ਜ਼ੀਕਾ ਵਾਇਰਸ ਪਾਇਆ ਗਿਆ ਸੀ।

ਇਸ ਤੋਂ ਬਾਅਦ ਜਾਂਚ ਦੌਰਾਨ ਹੁਣ ਤੱਕ ਅੱਠ ਲੋਕਾਂ ਵਿਚ ਜ਼ੀਕਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਵਿਚ ਤਿੰਨ ਔਰਤਾਂ ਗਰਭਵਤੀ ਹਨ। ਗਰਭਵਤੀ ਔਰਤਾਂ ਲਈ ਇਹ ਵਾਇਰਸ ਬਹੁਤ ਹਾਨੀਕਾਰਕ ਹੁੰਦਾ ਕਿਉਂਕ ਜ਼ੀਕਾ ਵਾਇਰਸ ਪੈਦਾ ਹੋਣ ਵਾਲੇ ਬੱਚੇ ਦੇ ਸੰਪੂਰਨ ਸਰੀਰਕ ਵਿਕਾਸ ਤੇ ਬੁਰਾ ਅਸਰ ਪਾਉਂਦਾ ਹੈ। ਜ਼ੀਕਾ ਵਾਇਰਸ ਇਕ ਖਤਰਨਾਕ ਵਾਇਰਸ ਹੈ ਜੋ ਕਿ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਦਿਨ ਵਿਚ ਕੱਟਦੇ ਹਨ। ਮੱਛਰਾਂ ਦੇ ਕੱਟਣ ਤੋਂ ਇਲਾਵਾ ਇਹ ਗਰਭਵਤੀ ਮਾਂ ਤੋਂ ਉਸਦੇ ਹੋਣ ਵਾਲੇ ਬੱਚੇ ਨੂੰ ਅਤੇ ਸਰੀਰਕ ਸਬੰਧਾਂ ਰਾਹੀ ਵੀ ਸੰਚਾਰ ਕਰਦਾ ਹੈ।

ਇਸਦੇ ਲੱਛਣ 2 ਤੋਂ 5 ਦਿਨਾਂ ਤਕ ਰਹਿ ਸਕਦੇ ਹਨ। ਕਈਆਂ ਵਿਚ ਜ਼ੀਕਾ ਦੇ ਲੱਛਣ ਪ੍ਰਗਟ ਨਹੀਂ ਵੀ ਹੁੰਦੇ। ਜ਼ੀਕਾ ਵਾਇਰਸ ਦੇ ਸੰਕ੍ਰਮਣ ਅਤੇ ਉਸ ਨਾਲ ਜੁੜੀ ਬੀਮਾਰੀਆਂ ਦਾ ਕੋਈ ਇਲਾਜ ਨਹੀਂ ਹੈ। ਇਸਦੇ ਲੱਛਣ ਹਲਕੇ ਹੁੰਦੇ ਹਨ। ਅਜਿਹੇ ਵਿਚ ਮਰੀਜ਼ ਨੂੰ ਜਿਆਦਾ ਅਰਾਮ ਕਰਨਾ ਚਾਹੀਦਾ ਹੈ। ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ। ਦਰਦ ਜਾਂ ਬੁਖ਼ਾਰ ਦੀਆਂ ਸਾਧਾਰਣ ਦਵਾਈਆਂ ਲੈਣੀਆਂ ਚਾਹੀਦੀਆਂ ਹਨ।

ਲੱਛਣਾਂ ਦੇ ਪ੍ਰਗਟ ਹੁੰਦਿਆਂ ਹੀ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜ਼ੀਕਾ ਵਾਇਰਸ ਸੱਭ ਤੋਂ ਪਹਿਲਾ 2007 ਵਿਚ ਮਾਈਕਰੋਨੇਸ਼ੀਆਂ ਵਿਚ ਫੈਲਿਆ ਸੀ ਤੇ ਮਾਰਚ 2015 ਵਿਚ ਬ੍ਰਾਜ਼ੀਲ ਵਿਚ ਵੱਡੇ ਪੱਧਰ ਜ਼ੀਕਾ ਦਾ ਪ੍ਰਕੋਪ ਹੋਇਆ। ਇਸ ਤੋਂ ਬਾਅਦ ਇਹ ਦੁਨੀਆਂ ਦੇ ਹੋਰਨਾਂ ਹਿੱਸਿਆਂ ਵਿਚ ਫੈਲ ਗਿਆ। ਮੌਜੂਦਾ ਸਮੇਂ ਵਿਚ 86 ਦੇਸ਼ਾਂ ਵਿਚ ਜ਼ੀਕਾ ਵਾਇਰਸ ਦੇ ਲੱਛਣ ਮੌਜੂਦ ਹਨ।