ਲਖੀਮਪੁਰ ਖੀਰੀ ਮਾਮਲਾ: ਪੱਤਰਕਾਰ ਰਮਨ ਦੇ ਘਰ ਭੁੱਖ ਹੜ੍ਹਤਾਲ ਅਤੇ ਮੌਨ ਵਰਤ 'ਤੇ ਬੈਠੇ ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਕਿਹਾ, "ਮਨੁੱਖੀ ਜੀਵਨ ਦੀ ਭਰਪਾਈ ਪੈਸਿਆਂ ਨਾਲ ਨਹੀਂ ਕੀਤੀ ਜਾ ਸਕਦੀ।"

Navjot Sidhu on Hunger Strike

 

ਉੱਤਰ ਪ੍ਰਦੇਸ਼: ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ਭੁੱਖ ਹੜਤਾਲ ਅਤੇ ਮੌਨ ਵਰਤ ’ਤੇ ਬੈਠ ਗਏ ਹਨ। ਲਖੀਮਪੁਰ ਖੀਰੀ (Lakhimpur Kheri) ਪਹੁੰਚ ਕੇ ਨਵਜੋਤ ਸਿੱਧੂ ਨੇ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਹੁਣ ਪੱਤਰਕਾਰ ਰਮਨ (Journalist Raman) ਦੇ ਘਰ ਉਨ੍ਹਾਂ ਵੱਲੋਂ ਭੁੱਖ ਹੜਤਾਲ (Hunger Strike) ਸ਼ੁਰੂ ਕਰ ਦਿੱਤੀ ਗਈ ਹੈ। ਭੁੱਖ ਹੜਤਾਲ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ, “ਜਦ ਤੱਕ ਅਸ਼ੀਸ਼ ਮਿਸ਼ਰਾ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਮੈਂ ਭੁੱਖਾ ਰਹਾਂਗਾ ਅਤੇ ਮੌਨ ਵਰਤ ’ਤੇ ਬੈਠਾ ਰਹਾਂਗਾ।”

ਹੋਰ ਪੜ੍ਹੋ: ਆਰਯਨ ਖਾਨ ਨਾਲ ਸੈਲਫ਼ੀ ਲੈ ਕੇ ਵਿਵਾਦਾਂ ’ਚ ਫਸਿਆ ਕਿਰਨ ਗੋਸਾਵੀ, ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਉਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਬਿਆਨ ਦਿੱਤਾ ਗਿਆ ਸੀ ਕਿ, “ਰਾਹੁਲ ਗਾਂਧੀ ਤੋਂ ਪ੍ਰੇਰਿਤ ਹੋ ਕੇ ਮੈਂ ਇੱਥੇ ਆਇਆ ਹਾਂ ਅਤੇ ਜੋ ਸੁਣਿਆ ਤੇ ਦੇਖਿਆ ਹੈ, ਉਹ ਦਿਲ ਨੂੰ ਦਹਿਲਾ ਦੇਣ ਵਾਲਾ ਹੈ। ਮਨੁੱਖੀ ਜੀਵਨ ਦੀ ਭਰਪਾਈ ਪੈਸਿਆਂ ਨਾਲ ਨਹੀਂ ਕੀਤੀ ਜਾ ਸਕਦੀ। ਲਵਪ੍ਰੀਤ ਦੇ ਪਿਤਾ ਦਾ ਵੀ ਇਹੋ ਕਹਿਣਾ ਹੈ ਕਿ ਉਨ੍ਹਾਂ ਨੂੰ ਪੈਸੈ ਨਹੀਂ, ਨਿਆਂ ਚਾਹੀਦਾ ਹੈ। ਸਬੂਤ, ਵੀਡੀਓ, ਐਫਆਈਆਰ ਵਿਚ ਨਾਮ ਹੈ, ਗਵਾਹ ਹੈ, ਪਰ ਫਿਰ ਵੀ ਗ੍ਰਿਫ਼ਤਾਰੀ ਇਸ ਲਈ ਨਹੀਂ ਹੋ ਰਹੀ ਕਿਉਂਕਿ ਉਹ ਮੰਤਰੀ ਦਾ ਪੁੱਤ ਹੈ। ਜੇਕਰ ਰਖਵਾਲਾ ਖੁਦ ਹੀ ਅੱਤਿਆਚਾਰ ਕਰਨਾ ਸ਼ੁਰੂ ਕਰ ਦੇਵੇ, ਤਾਂ ਗਰੀਬ ਆਦਮੀ ਕਿਸ ਦੇ ਦਰਵਾਜ਼ੇ 'ਤੇ ਦਸਤਕ ਦੇਵੇਗਾ?

ਹੋਰ ਪੜ੍ਹੋ: ਪ੍ਰਾਈਵੇਟ ਆਪ੍ਰੇਟਰਾਂ ਦੀਆਂ ਬਿਨ੍ਹਾਂ TAX ਤੋਂ ਚੱਲ ਰਹੀਆਂ 5 ਬੱਸਾਂ ਦਾ ਗੇਅਰ ਕੱਢਿਆ

ਦੱਸ ਦੇਈਏ ਲਖੀਮਪੁਰ ਖੀਰੀ ਹਿੰਸਾ ਦੇ ਸਬੰਧ ਵਿਚ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਅੱਜ ਉਨ੍ਹਾਂ ਨੂੰ ਬੁਲਾਇਆ ਸੀ, ਪਰ ਉਹ ਪੇਸ਼ ਨਹੀਂ ਹੋਏ। ਇਸ ਮਗਰੋਂ ਅੱਜ ਯੂਪੀ ਪੁਲਿਸ ਨੇ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਇੱਕ ਨੋਟਿਸ ਚਿਪਕਾਇਆ, ਜਿਸ ਵਿਚ ਆਸ਼ੀਸ਼ ਮਿਸ਼ਰਾ ਨੂੰ ਹਿੰਸਾ ਦੇ ਸਬੰਧ ਵਿਚ 9 ਅਕਤੂਬਰ ਨੂੰ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਹੋਰ ਪੜ੍ਹੋ: ਲਖੀਮਪੁਰ ਹਿੰਸਾ 'ਤੇ ਬੋਲੇ ਯੋਗੀ ਆਦਿੱਤਿਆਨਾਥ, 'ਬਗੈਰ ਸਬੂਤ ਨਹੀਂ ਹੋਵੇਗੀ ਕਿਸੇ ਦੀ ਵੀ ਗ੍ਰਿਫਤਾਰੀ'