ਪਹਿਲੀ ਵਾਰ ਹੜੱਪਾ ਦੀ ਖੁਦਾਈ 'ਚ ਮਿਲਿਆ ਜੋੜੇ ਦਾ ਪਿੰਜਰ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖੁਦਾਈ ਦਾ ਕੰਮ ਕਰ ਰਹੇ ਪੁਣੇ ਦੇ ਡੇਕਨ ਕਾਲਜ ਦੇ ਪੁਰਾਤੱਤਵ ਵਿਗਿਆਨੀਆਂ ਨੇ ਦੱਸਿਆ ਕਿ ਜੋੜੇ ਦੇ ਪਿੰਜਰਾਂ ਦਾ ਮੂੰਹ, ਹੱਥ ਅਤੇ ਪੈਰ ਸੱਭ ਇੱਕ ਤਰ੍ਹਾਂ ਦੇ ਹਨ।

Harappan cemetery

ਪੁਣੇ : ਹਰਿਆਣਾ ਦੇ ਰਾਖੀਗੜ੍ਹੀ  ਵਿਚ ਹੜੱਪਾ ਸੱਭਿਅਤਾ ਦੀ ਖੁਦਾਈ ਦੌਰਾਨ ਇਕ ਜੋੜੇ ਦੇ ਪਿੰਜਰ ਮਿਲੇ ਹਨ। ਰਾਖੀਗੜ੍ਹੀ ਵਿਚ ਖੁਦਾਈ ਦਾ ਕੰਮ ਕਰ ਰਹੇ ਪੁਣੇ ਦੇ ਡੇਕਨ ਕਾਲਜ ਦੇ ਪੁਰਾਤੱਤਵ ਵਿਗਿਆਨੀਆਂ ਨੇ ਦੱਸਿਆ ਕਿ ਖੁਦਾਈ ਵੇਲ੍ਹੇ ਨੌਜਵਾਨ ਦੇ ਪਿੰਜਰ ਦਾ ਮੂੰਹ ਕੁੜੀ ਵੱਲ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਹੜੱਪਾ ਸੱਭਿਅਤਾ ਦੀ ਖੁਦਾਈ ਦੌਰਾਨ ਕਿਸੇ ਜੋੜੇ ਦੀ ਕਬਰ ਮਿਲੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਹੜੱਪਾ ਸੱਭਿਅਤਾ ਨਾਲ ਸਬੰਧਤ ਕਈ ਕਬਰਿਸਤਾਨਾਂ ਦੀ ਜਾਂਚ ਕੀਤੀ ਗਈ,

ਪਰ ਅੱਜ ਤੱਕ ਕਿਸੇ ਵੀ ਜੋੜੇ ਨੂੰ ਇਸ ਤਰ੍ਹਾਂ ਇਕੱਠੇ  ਦਫਨਾਉਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਸੀ। ਰਾਖੀਗੜ੍ਹੀ ਵਿਚ ਖੁਦਾਈ ਦਾ ਕੰਮ ਕਰ ਰਹੇ ਪੁਣੇ ਦੇ ਡੇਕਨ ਕਾਲਜ ਦੇ ਪੁਰਾਤੱਤਵ ਵਿਗਿਆਨੀਆਂ ਨੇ ਦੱਸਿਆ ਕਿ ਜੋੜੇ ਦੇ ਪਿੰਜਰਾਂ ਦਾ ਮੂੰਹ, ਹੱਥ ਅਤੇ ਪੈਰ ਸੱਭ ਇੱਕ ਤਰ੍ਹਾਂ ਦੇ ਹਨ। ਇਸ ਤੋਂ ਸਾਫ ਹੈ ਕਿ ਦੋਹਾਂ ਨੂੰ ਜਵਾਨੀ ਵੇਲ੍ਹੇ ਇਕੱਠੇ ਦਫਨਾਇਆ ਗਿਆ। ਇਹ ਸਿੱਟਾ ਅੰਤਰਰਾਸ਼ਟਰੀ ਰਸਾਲੇ ਏਸੀਬੀ ਜਨਰਲ ਆਫ਼ ਅਨੈਟਮੀ ਅਤੇ ਸੈਲ ਬਾਇਲੋਜ਼ੀ ਵਿਚ ਪ੍ਰਕਾਸ਼ਿਤ ਕੀਤੇ ਗਏ ਸਨ।

ਖੁਦਾਈ ਅਤੇ ਵਿਸ਼ਲੇਸ਼ਣ ਯੂਨੀਵਰਸਿਟੀ ਦੇ ਪੁਰਾਤੱਤਵ ਵਿਭਾਗ ਅਤੇ ਇੰਸਟੀਚਿਊਟ ਆਫ਼ ਫੋਰੈਂਸਿਕ ਸਾਇੰਸ, ਸੋਲ ਨੈਸ਼ਨਲ ਯੂਨੀਵਰਸਿਟੀ ਕਾਲਜ ਆਫ਼ ਮੈਡੀਸਿਨ ਵੱਲੋਂ ਕੀਤਾ ਗਿਆ।ਇਹਨਾਂ ਸੋਧ ਕਰ ਰਹੇ ਲੇਖਕਾਂ ਵਿਚੋਂ ਇਕ ਵਸੰਤ ਸ਼ਿੰਦੇ ਨੇ ਦੱਸਿਆ ਕਿ ਭਾਰਤੀ ਪੁਰਾਤੱਤਵ ਵਿਗਿਆਨੀਆਂ ਨੇ ਮਿਲ ਕੇ ਜੋੜੇ ਨੂੰ ਦਫਨਾਉਣ 'ਤੇ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਲੋਥਲ ਵਿਖੇ ਲੱਭੇ ਗਏ ਇਕ ਹੜੱਪਾ ਜੋੜੇ ਦੀ ਕਬਰ ਸਬੰਧੀ ਇਹ ਮੰਨਿਆ ਗਿਆ ਸੀ ਕਿ ਉਸ ਨੂੰ ਅਪਣੇ ਪਤੀ ਦੀ ਮੌਤ ਤੋਂ ਬਾਅਦ ਦਫਨਾਇਆ ਗਿਆ ਸੀ।

ਉਥੇ ਹੀ ਵਿਵਾਦਗਸ੍ਰਤ ਲੇਥਲ ਮਾਮਲੇ ਨੂੰ ਛੱਡ ਦਈਏ ਤਾਂ ਅੱਜ ਤੱਕ ਹੜੱਪਾ ਕਬਰਿਸਤਾਨਾਂ ਵਿਚੋਂ ਕਿਸੇ ਵੀ ਜੋੜੇ ਨੂੰ ਦਫਨਾਉਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸੇ ਇਕਲੌਤੇ ਜੋੜੇ ਦੀ ਕਬਰ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਦੂਜੇ ਪੁਰਾਤੱਤਵ ਵਿਗਿਆਨੀਆਂ ਦੀ ਮੰਨੀ ਜਾਵੇ ਤਾਂ ਇਹ ਪਤਾ ਕਰਨਾ ਔਖਾ ਹੈ ਕਿ ਪਿੰਜਰਾਂ ਦੇ ਜੋੜੇ ਵਿਚੋਂ ਕੌਣ ਮੁੰਡਾ ਹੈ ਅਤੇ ਕੋਣ ਕੁੜੀ। ਇਹ ਵੀ ਹੋ ਸਕਦਾ ਹੈ ਕਿ ਇਹ ਜੋੜਾ ਨਾ ਹੋਵੇ।