ਪਟਪੜਗੰਜ ਉਦਯੋਗਿਕ ਇਲਾਕੇ 'ਚ ਲੱਗੀ ਅੱਗ, ਇੱਕ ਦੀ ਮੌਤ
ਫਾਇਰ ਬ੍ਰਿਗੇਡ ਦੀਆਂ 32 ਗੱਡੀਆਂ ਮੌਕੇ 'ਤੇ ਪਹੁੰਚੀਆਂ
ਦਿੱਲੀ- ਰਾਜਧਾਨੀ ਦਿੱਲੀ ਦੇ ਪਟਪੜਗੰਜ ਉਦਯੋਗਿਕ ਇਲਾਕੇ 'ਚ ਸ਼ੁੱਕਰਵਾਰ ਸਵੇਰੇ ਅੱਗ ਲੱਗ ਗਈ। ਇਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਅੱਗ ਬੁਝਾਉਣ ਲਈ 32 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਅੱਗ ਇੱਕ ਪ੍ਰਿੰਟਿੰਗ ਪ੍ਰੈੱਸ 'ਚ ਲੱਗੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ।
ਦਿੱਲੀ ਪੁਲਿਸ ਨੇ ਦੱਸਿਆ ਕਿ ਪਟਪੜਗੰਜ ਉਦਯੋਗਿਕ ਖੇਤਰ 'ਚ ਪੇਪਰ ਪ੍ਰਿੰਟਿੰਗ ਪ੍ਰੈ੍ੱਸ 'ਚ ਭਿਆਨਕ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਅੱਗ ਇਮਾਰਤ ਦੀ ਬੇਸਮੈਂਟ ਅਤੇ ਪਹਿਲੀ ਮੰਜਿਲ 'ਚ ਲੱਗੀ ਹੈ। ਇੱਕ ਮਹੀਨੇ 'ਚ ਦਿੱਲੀ ਅੰਦਰ ਅੱਗ ਲੱਗਣ ਦੀ ਇਹ 6ਵੀਂ ਘਟਨਾ ਹੈ। 8 ਦਸੰਬਰ ਨੂੰ ਦਿੱਲੀ ਦੀ ਅਨਾਜ ਮੰਡੀ 'ਚ ਇੱਕ ਫੈਕਟਰੀ 'ਚ ਅੱਗ ਲੱਗੀ ਸੀ। ਇਸ 'ਚ 43 ਲੋਕਾਂ ਦੀ ਮੌਤ ਹੋਈ ਸੀ। ਇਸ ਫੈਕਟਰੀ 'ਚ ਪਲਾਸਟਿਕ ਦਾ ਸਾਮਾਨ, ਖਿਡੌਣੇ, ਸਕੂਲ ਬੈਗ ਬਣਾਏ ਜਾਂਦੇ ਸਨ।
2 ਜਨਵਰੀ 2020 ਨੂੰ ਪੱਛਮੀ ਦਿੱਲੀ ਦੇ ਪੀਰਾਗਾਧੀ ਖੇਤਰ ਵਿੱਚ ਇੱਕ ਬੈਟਰੀ ਫੈਕਟਰੀ ਵਿੱਚ ਅੱਗ ਲੱਗੀ ਸੀ। ਪਲਾਸਟਿਕ ਅਤੇ ਕੈਮੀਕਲ ਦੀ ਮੌਜੂਦਗੀ ਕਾਰਨ ਅੱਗ ਤੇਜ਼ੀ ਨਾਲ ਫੈਲੀ ਅਤੇ ਇਮਾਰਤ 'ਚ ਧਮਾਕਾ ਹੋ ਗਿਆ ਸੀ। ਇਸ ਹਾਦਸੇ ਵਿੱਚ ਫਾਇਰ ਬ੍ਰਿਗੇਡ ਮੁਲਾਜ਼ਮ ਅਮਿਤ ਬਾਲਿਆਨ ਦੀ ਮੌਤ ਹੋ ਗਈ ਸੀ।
22 ਦਸੰਬਰ 2019 ਦੀ ਦੇਰ ਰਾਤ ਨੂੰ ਉੱਤਰ-ਪੱਛਮੀ ਦਿੱਲੀ ਦੇ ਕਿਰਾੜੀ ਖੇਤਰ 'ਚ ਇਕ ਕੱਪੜਾ ਗੋਦਾਮ 'ਚ ਭਿਆਨਕ ਅੱਗ ਲੱਗ ਗਈ ਸੀ। ਇਸ 'ਚ ਤਿੰਨ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਝੁਲਸ ਗਏ ਸਨ। ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਸਿਲੰਡਰ 'ਚ ਧਮਾਕਾ ਹੋਇਆ ਸੀ।
14 ਦਸੰਬਰ 2019 ਨੂੰ ਦਿੱਲੀ ਦੇ ਮੁੰਡਕਾ ਖੇਤਰ ਵਿੱਚ ਸਥਿਤ ਪਲਾਈਵੁੱਡ ਫੈਕਟਰੀ ਵਿੱਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਦੀਆਂ 21 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਸੀ। ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। 14 ਦਸੰਬਰ 2019 ਦੀ ਸ਼ਾਮ ਨੂੰ ਹੀ ਸ਼ਾਲੀਮਾਰ ਬਾਗ 'ਚ ਇੱਕ ਘਰ ਨੂੰ ਅੱਗ ਲੱਗ ਗਈ ਸੀ। ਇਸ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ, ਜਦੋਂਕਿ 4 ਲੋਕ ਜ਼ਖਮੀ ਹੋ ਗਏ ਸਨ।