ਟਿੱਕਰੀ ਸਟੇਜ਼ ਤੋਂ ਜੈਜ਼ੀ-ਬੀ ਦੇ ਜੋਸ਼ੀਲੇ ਗੀਤ ਨੇ ਕੀਲੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਡਿਆ ਤੀਰ ਪੰਜਾਬ ਤੋਂ ਤਿੱਖਾ ਫੜਲੋ ਜਿਹਨੇ ਫੜਨਾ...

Jazzy B

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਹਰਿਆਣਾ ਸਰਹੱਦ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਪੰਜਾਬ ਸਮੇਤ ਪੂਰੇ ਦੇਸ਼ ਵਾਸੀ ਦਿੱਲੀ ਦੇ ਬਾਰਡਰਾਂ ‘ਤੇ ਵੱਡੀ ਗਿਣਤੀ ਮੌਜੂਦ ਹੈ। ਕਿਸਾਨ ਅੰਦੋਲਨ ‘ਚ ਪੰਜਾਬੀ ਕਲਾਕਾਰਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਕਿਸਾਨ ਮੋਰਚੇ ‘ਤੇ ਪੰਜਾਬੀ ਗਾਇਕਾਂ ਨੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਹਿਯੋਗ ਦਿੱਤਾ ਹੈ।

ਇਸ ਦੌਰਾਨ ਸੰਘਰਸ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਅੱਜ ਪੰਜਾਬੀ ਗਾਇਕ ਜੈਜ਼ੀ ਬੀ ਦੂਜੀ ਵਾਰ ਕਿਸਾਨ ਅੰਦੋਲਨ ‘ਚ ਪਹੁੰਚੇ ਹਨ। ਇਸ ਦੌਰਾਨ ਜੈਜ਼ੀ ਬੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਹਨ, ਜਿਨ੍ਹਾਂ ਕਰਕੇ ਪੂਰੀ ਦੁਨੀਆਂ ਦਾ ਏਕਾ ਹੋ ਗਿਆ ਹੈ। ਇਹ ਸੰਘਰਸ਼ ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਪੂਰੇ ਭਾਰਤ ਦਾ ਅੰਦੋਲਨ ਬਣ ਚੁੱਕਿਆ ਹੈ।

ਜੈਜ਼ੀ ਬੀ ਨੇ ਕਿਹਾ ਕਿ ਮੈਂ ਜਦੋਂ ਬਾਹਰ ਸੀ ਤਾਂ ਮੈਂ ਰੋਜ਼ ਕਿਸਾਨ ਸੰਘਰਸ਼ ਦੀਆਂ ਵੀਡੀਓਜ਼ ਦੇਖਣੀਆਂ ਤੇ ਆਪਣੇ ਬਜ਼ੁਰਗਾਂ ਤੇ ਮਾਵਾਂ ਨੂੰ ਦੇਖ ਮੇਰਾ ਰੋਣਾ ਆ ਜਾਂਦਾ ਸੀ ਪਰ ਜਦੋਂ ਮੈਂ 80 ਸਾਲਾ ਬਾਬੇ ਨੂੰ ਡੰਡ ਮਾਰਦੇ ਦੇਖਿਆ ਤਾਂ ਮੈਨੂੰ ਚੜ੍ਹਦੀ ਕਲਾ ਵੀ ਮਹਿਸੂਸ ਹੁੰਦੀ ਸੀ। ਜੈਜ਼ੀ ਬੀ ਨੇ ਕਿਹਾ ਕਿ ਇਹ ਅੰਦੋਲਨ ਸਿਰਫ਼ ਪੰਜਾਬ ਦਾ ਜਾਂ ਭਾਰਤ ਦਾ ਅੰਦੋਲਨ ਨਹੀਂ ਹੁਣ ਬਾਹਰਲੇ ਮੁਲਕਾਂ ‘ਚ ਵੀ ਚੈਨਲਾਂ ‘ਤੇ ਸਾਡੇ ਅੰਦੋਲਨ ਦੀ ਟੈਗ ਲਾਈਨ ਚੱਲ ਰਹੀ ਹੈ। ਇਸ ਦੌਰਾਨ ਜੈਜ਼ੀ ਬੀ ਨੇ ਕਿਹਾ ਕਿ ਟਰੈਕਟਰ ਟਰਾਲੀਆਂ, ਜਮੀਨਾਂ ਨੂੰ ਦੇਖ ਮੇਰੀ ਰੂਹ ਖੁਸ਼ ਹੋ ਜਾਂਦੀ ਹੈ ਕਿਉਂ ਸਾਡਾ ਵਿਰਸਾ ਹੀ ਕਿਸਾਨੀ ਹੈ।

ਉੱਥੇ ਹੀ ਜੈਜ਼ੀ ਬੀ ਨੇ ਪੰਜਾਬੀ ਗਾਇਕਾਂ ਨੂੰ ਵੀ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਲੜਨ ਲਈ ਧਨਵਾਦ ਕਿਹਾ। ਇਸ ਦੌਰਾਨ ਜੈਜ਼ੀ ਬੀ ਨੇ ਆਪਣਾ ਆਉਣ ਵਾਲੇ ਨਵੇਂ ਗੀਤ ਦੀਆਂ ਕੁਝ ਲਾਇਨਾਂ ਕਿਸਾਨਾਂ ਨੂੰ ਸੁਣਾਈਆਂ.,  ਦੇਸ਼ ਲਈ ਜਿਹੜੇ ਫ਼ਾਂਸੀ ਚੜ੍ਹਗੇ ਉਹ ਵੀ ਸੀ ਪੰਜਾਬੀ, ਦੇਸ਼ ਲਈ ਜਿਹੜੇ ਲੰਡਨ ਵੜਗੇ ਉਹ ਵੀ ਸੀ ਪੰਜਾਬੀ, ਦੇਸ਼ ਲਈ ਜਿਹੜੇ ਬਾਰਡਰਾਂ ‘ਤੇ ਮਰਗੇ ਉਹ ਵੀ ਸੀ ਪੰਜਾਬੀ, ਉਡਿਆ ਤੀਰ ਪੰਜਾਬ ਤੋਂ ਤਿੱਖਾ ਫੜਲੋ ਜਿਹਨੇ ਫੜਨਾ।