ਚੋਣ ਸਰਵੇਖਣਾਂ ਨੇ ਪਾਈ ਕੇਜਰੀਵਾਲ ਦੀ ਬਾਤ, ਪਲਸੇਟੇ ਮਾਰਦਿਆਂ ਬੀਤੀ 'ਸ਼ਾਹ' ਦੀ ਰਾਤ'!
ਦਿੱਲੀ ਵਿਚ ਆਪ ਦੀ ਮੁੜ ਧਮਾਕੇਦਾਰ ਵਾਪਸੀ ਦੇ ਅੰਦਾਜ਼ਿਆਂ ਨੇ 'ਪੜ੍ਹਨੇ' ਪਾਈ ਭਾਜਪਾ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾਉਣ ਵਾਲੇ ਸਿਆਸੀ ਦਲਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਭਾਵੇਂ ਏਵੀਐਮ ਮਸ਼ੀਨਾਂ ਵਿਚ ਕੈਦ ਹੋ ਚੁੱਕਾ ਹੈ ਪਰ ਹੁਣ ਜਾਰੀ ਹੋ ਚੁੱਕੇ ਵੱਖ ਵੱਖ ਚੋਣ ਸਰਵੇਖਣਾਂ ਨੇ ਇਨ੍ਹਾਂ ਚੋਣਾਂ ਦੀ ਰੁਮਾਂਚਿਕਤਾ ਨੂੰ ਚਰਮ-ਸੀਮਾ 'ਤੇ ਪਹੁੰਚਾ ਦਿਤਾ ਹੈ। ਇਹ ਸਰਵੇਖਣ ਜਿੱਥੇ ਆਮ ਆਦਮੀ ਪਾਰਟੀ ਲਈ ਤਸੱਲੀ ਦਾ ਸਬੱਬ ਬਣ ਰਹੇ ਹਨ ਉਥੇ ਵਿਰੋਧੀ ਧਿਰਾਂ ਲਈ ਵੱਡੀ ਬੇਚੈਨੀ ਦਾ ਕਾਰਨ ਬਣਦੇ ਜਾ ਰਹੇ ਹਨ। ਖ਼ਾਸ ਕਰ ਕੇ ਭਾਜਪਾ ਦੀ ਤਾਂ ਰਾਤਾਂ ਦੀ ਨੀਂਦ ਹੀ ਉਡ ਗਈ ਹੈ। ਉਪਰੋਂ ਉਪਰੋਂ ਭਾਵੇਂ ਭਾਜਪਾ ਆਗੂ ਚੋਣ ਸਰਵੇਖਣਾਂ ਨੂੰ ਨਕਾਰਦਿਆਂ ਖੁਦ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਅੰਦਰਲੀ ਬੇਚੈਨੀ ਦੇ ਭਾਵ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ਼ ਝਲਕ ਰਹੇ ਹਨ।
ਇਹ ਚੋਣ ਭਾਜਪਾ ਦੀ ਮੁੱਛ ਦਾ ਸਵਾਲ ਬਣ ਚੁੱਕੀ ਸੀ। ਕੇਂਦਰ ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਉਠੇ ਬਵਾਲ ਦਾ ਛਾਇਆ ਵੀ ਦਿੱਲੀ ਚੋਣਾਂ 'ਤੇ ਪੈਂਦਾ ਵਿਖਾਈ ਦੇ ਰਿਹਾ ਸੀ। ਪੂਰੇ ਦੇਸ਼ ਵਿਚ ਸ਼ੁਰੂ ਹੋਏ ਰੋਸ ਪ੍ਰਦਰਸ਼ਨ ਅਖ਼ੀਰ 'ਚ ਦਿੱਲੀ ਤਕ ਸੀਮਟ ਕੇ ਰਹਿ ਗਿਆ। ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹਨ। ਜਿੱਥੇ ਸਰਕਾਰ ਖ਼ਾਸ ਕਰ ਕੇ ਭਾਜਪਾ ਵਿਰੋਧੀਆਂ ਵਲੋਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਸਨ। ਬਾਅਦ 'ਚ ਇਹ ਧਰਨਾ ਪ੍ਰਦਰਸ਼ਨ ਵੀ ਸੀਏਏ-ਬਨਾਮ ਦਿੱਲੀ ਚੋਣਾਂ 'ਚ ਤਬਦੀਲ ਹੁੰਦਾ ਵਿਖਾਈ ਦਿੱਤਾ।
ਭਾਵੇਂ ਪਿਛਲੀ ਵਾਰ ਵੀ ਦਿੱਲੀ ਵਿਚ ਆਪ ਨੇ ਹੂਝਾ-ਫੇਰੂ ਜਿੱਤ ਪ੍ਰਾਪਤ ਕੀਤੀ ਸੀ, ਪਰ ਉਸ ਸਮੇਂ ਭਾਜਪਾ ਨੂੰ ਇਹ ਹਾਰ ਬਹੁਤੀ ਅਸਹਿ ਨਹੀਂ ਸੀ ਜਾਪੀ ਜਿੰਨੀ ਹੁਣ ਜਾਪ ਰਹੀ ਹੈ। ਉਸ ਸਮੇਂ ਆਮ ਆਦਮੀ ਪਾਰਟੀ ਨੇ ਦਿੱਲੀ ਵਿਖੇ 15 ਸਾਲ ਤੋਂ ਸਥਾਪਤ ਕਾਂਗਰਸ ਦੀ ਸਰਕਾਰ ਦਾ ਸਫ਼ਾਇਆ ਕੀਤਾ ਸੀ ਤੇ ਭਾਜਪਾ ਨੂੰ ਨਵੀਂ ਨਵੀਂ ਹੋਂਦ 'ਚ ਆਈ ਆਮ ਆਦਮੀ ਪਾਰਟੀ ਦੇ ਆਉਂਦੇ ਸਮੇਂ 'ਚ ਨਾਕਾਮ ਹੋਣ ਦੀ ਸੂਰਤ 'ਚ ਖੁਦ ਦਾ ਭਵਿੱਖ ਉਜਵਲ ਵਿਖਾਈ ਦੇ ਰਿਹਾ ਸੀ।
ਪਰ ਹੁਣ ਬਦਲੇ ਹਾਲਾਤ ਤੇ ਨਾਗਰਿਕਤਾ ਸੋਧ ਕਾਨੂੰਨ, ਐਨਆਰਸੀ ਤੇ ਐਨਪੀਆਰ ਨੂੰ ਲੈ ਕੇ ਭਾਜਪਾ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਦਿੱਲੀ ਚੋਣਾਂ 'ਚ ਵੱਡੀ ਹਾਰ ਹੋਣ ਨਾਲ ਵਿਰੋਧੀਆਂ ਨੂੰ ਸਰਕਾਰ ਖ਼ਾਸ ਕਰ ਕੇ ਭਾਜਪਾ ਨੂੰ ਘੇਰਣ ਦਾ ਬ੍ਰਹਮਅਸਤਰ ਮਿਲਣ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਭਾਜਪਾ ਆਗੂਆਂ ਦੀ ਚੋਣ ਸਰਵੇਖਣਾਂ ਦੇ ਨਤੀਜਿਆਂ ਨੇ ਰਾਤਾਂ ਦੀ ਨੀਂਦ ਉਡਾਈ ਹੋਈ ਹੈ।
ਹੁਣ ਤਕ ਸਾਹਮਣੇ ਆ ਚੁੱਕੇ ਚੋਣ ਸਰਵੇਖਣਾਂ ਅਨੁਸਾਰ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਵਾਪਸੀ ਦੇ ਸੰਕੇਤ ਮਿਲ ਰਹੇ ਹਨ। ਕੁੱਝ ਚੋਣ ਸਰਵੇਖਣਾਂ ਵਿਚ ਕਾਂਗਰਸ ਨੂੰ ਵੀ ਕੁੱਝ ਸੀਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ ਜਦਕਿ ਪਿਛਲੀ ਵਾਰ ਕਾਂਗਰਸ ਖਾਤਾ ਵੀ ਨਹੀਂ ਸੀ ਖੋਲ੍ਹ ਸਕੀ ਸੀ। ਤਾਜ਼ਾ ਚੋਣ ਸਰਵੇਖਣਾਂ ਮੁਤਾਬਕ ਟਾਈਮਜ਼ ਨਾਓ-ਇਪਸੋਸ ਦੇ ਚੋਣ ਸਰਵੇਖਣ 'ਚ ਆਮ ਆਦਮੀ ਪਾਰਟੀ ਨੂੰ 44 ਸੀਟਾਂ ਜਦਕਿ ਭਾਜਪਾ ਨੂੰ 26 ਸੀਟਾਂ ਭਾਜਪਾ ਦੀ ਝੋਲੀ ਵਿਚ ਪੈਂਦੀਆਂ ਵਿਖਾਈਆਂ ਗਈਆਂ ਹਨ।
ਇਸੇ ਤਰ੍ਹਾਂ ਰਿਪਬਲਿਕ-ਜਨ ਕੀ ਬਾਤ ਅਨੁਸਾਰ ਆਮ ਆਦਮੀ ਪਾਰਟੀ ਨੂੰ 48 ਤੋਂ 61 ਸੀਟਾਂ ਮਿਲ ਸਕਦੀਆਂ ਹਨ ਜਦਕਿ ਭਾਜਪਾ ਨੂੰ 9 ਤੋਂ 21 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਟੀਵੀ9 ਭਾਰਤ ਵਰਸ਼-ਸਿਸਰੋ ਵਲੋਂ ਵੀ 'ਆਪ' ਨੂੰ 54, ਭਾਜਪਾ ਨੂੰ 15 ਤੇ ਕਾਂਗਰਸ ਨੂੰ ਇਕ ਸੀਟ ਦਿਤੀ ਜਾ ਰਹੀ ਹੈ। ਇੰਡੀਆ ਟੂਡੇ-ਅੱਜ ਤਕ ਐਕਸਿਸ ਮਾਈ ਇੰਡੀਆ ਦੇ ਚੋਣ ਸਰਵੇਖਣ 'ਚ ਆਮ ਆਦਮੀ ਪਾਰਟੀ ਨੂੰ 70 ਵਿਚੋਂ 68 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ ਜਦਕਿ ਭਾਜਪਾ ਨੂੰ ਸਿਰਫ਼ 1 ਤੋਂ 2 ਸੀਟਾਂ 'ਤੇ ਸਿਮਟੀ ਵਿਖਾਇਆ ਗਿਆ ਹੈ।
ਨੇਤਾ-ਨਿਊਜ਼ਐਕਸ ਅਨੁਸਾਰ ਆਪ ਨੂੰ 53 ਤੋਂ 57 ਜਦਕਿ ਭਾਜਪਾ ਨੂੰ 11 ਤੋਂ 17 ਸੀਟਾਂ ਮਿਲ ਰਹੀਆਂ ਹਨ ਜਦਕਿ ਭਾਜਪਾ 11 ਤੋਂ 17 ਸੀਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ। ਕਾਬਲੇਗੌਰ ਹੈ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ 70 ਵਿਚੋਂ 67 ਸੀਟਾਂ ਮਿਲੀਆਂ ਸਨ ਜਦਕਿ ਭਾਜਪਾ ਹਿੱਸੇ ਸਿਰਫ਼ 3 ਸੀਟਾਂ ਆਈਆਂ ਸਨ ਜਦਕਿ 10 ਸਾਲ ਲਗਾਤਾਰ ਸੱਤਾ 'ਚ ਰਹਿਣ ਵਾਲੀ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਸੀ।