‘ਟੈਗੋਰ ਦੀ ਕੁਰਸੀ ‘ਤੇ ਮੈਂ ਨਹੀਂ ਨਹਿਰੂ ਬੈਠੇ ਸੀ’, ਲੋਕ ਸਭਾ ‘ਚ ਅਮਿਤ ਸ਼ਾਹ ਨੇ ਦਿਖਾਈਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਾਲ ਵਿਧਾਨ ਸਭਾ ਚੋਣਾਂ ਹੁਣ ਜ਼ਿਆਦਾ ਦੂਰ ਨਹੀਂ ਹਨ ਅਤੇ ਗੁਰੂ ਦੇਵ ਰਵਿੰਦਰਨਾਥ...

Amit Shah

ਨਵੀਂ ਦਿੱਲੀ: ਬੰਗਾਲ ਵਿਧਾਨ ਸਭਾ ਚੋਣਾਂ ਹੁਣ ਜ਼ਿਆਦਾ ਦੂਰ ਨਹੀਂ ਹਨ ਅਤੇ ਗੁਰੂ ਦੇਵ ਰਵਿੰਦਰਨਾਥ ਟੈਗੋਰ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵਿੱਚ ਵਾਰ ਪਲਟਵਾਰ ਤੇਜ ਹੁੰਦੇ ਦਿਖ ਰਹੇ ਹਨ। ਇਸ ਕ੍ਰਮ ਵਿੱਚ ਮੰਗਲਵਾਰ ਨੂੰ ਲੋਕ ਸਭਾ ‘ਚ ਇੱਕ ਵਾਰ ਫਿਰ ਰਵਿੰਦਰਨਾਥ ਟੈਗੋਰ ਦੀ ਕੁਰਸੀ ‘ਤੇ ਬੈਠਣ ਨੂੰ ਲੈ ਕੇ ਵਾਰ ਪਲਟਵਾਰ ਹੋਇਆ। ਦਰਅਸਲ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਸੋਮਵਾਰ ਨੂੰ ਗ੍ਰਹਿ ਮੰਤਰੀ ‘ਤੇ ਇਲਜ਼ਾਮ ਲਗਾਇਆ ਸੀ ਕਿ ਹਾਲਿਆ ਸ਼ਾਂਤੀਨਿਕੇਤਨ ਦੌਰੇ ‘ਤੇ ਅਮਿਤ ਸ਼ਾਹ ਟੈਗੋਰ ਦੀ ਕੁਰਸੀ ‘ਤੇ ਬੈਠੇ ਸਨ। ਚੌਧਰੀ ਦੇ ਆਰੋਪਾਂ ‘ਤੇ ਮੰਗਲਵਾਰ ਨੂੰ ਅਮਿਤ ਸ਼ਾਹ ਨੇ ਸਬੂਤਾਂ ਦੇ ਨਾਲ ਜਵਾਬ ਦਿੱਤਾ ਅਤੇ ਕਿਹਾ ਕਿ ਉਹ ਕੁਰਸੀ ਉੱਤੇ ਨਹੀਂ ਬੈਠੇ, ਪਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਬੈਠੇ ਸਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ, ਇਹ ਵਿਸ਼ਵ ਭਾਰਤੀ ਦੇ ਉਪਕੁਲਪਤੀ ਦਾ ਪੱਤਰ ਹੈ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਾਰੀਆਂ ਤਸਵੀਰਾਂ ਅਤੇ ਵੀਡੀਓ ਦਾ ਵਿਸ਼ਲੇਸ਼ਣ ਕਰਕੇ ਦੱਸਿਆ ਜਾਵੇ ਕਿ ਮੈਂ ਕਿੱਥੇ ਬੈਠਾ ਹਾਂ? ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਹੈ। ਮੈਂ ਇੱਕ ਖਿੜਕੀ ਦੇ ਕੋਲ ਬੈਠਾ ਸੀ, ਜਿੱਥੇ ਕੋਈ ਵੀ ਬੈਠ ਸਕਦਾ ਹੈ।

ਅਮਿਤ ਸ਼ਾਹ ਨੇ ਕਿਹਾ, ਜਿੱਥੇ ਉਹ ਬੈਠੇ ਸਨ, ਉਸ ਜਗ੍ਹਾ ‘ਤੇ ਭਾਰਤ ਦੀ ਸਾਬਕਾ ਰਾਸ਼ਟਰਪਤੀ ਬੈਠੇ ਹਨ, ਪ੍ਰਣਬ ਮੁਖਰਜੀ ਵੀ ਬੈਠੇ ਹਨ, ਰਾਜੀਵ ਗਾਂਧੀ ਬੈਠੇ ਹਨ ਅਤੇ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਨੇ ਵੀ ਉਥੇ ਹੀ ਬੈਠਕੇ ਆਪਣੀ ਟਿੱਪਣੀ ਲਿਖੀ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸਦਨ ਵਿੱਚ ਗੱਲ ਕਰਦੇ ਹਾਂ ਤਾਂ ਪਹਿਲਾਂ ਤੱਥਾਂ ਨੂੰ ਜਾਂਚਣਾ ਅਤੇ ਪਰਖਨਾ ਚਾਹੀਦਾ ਹੈ। ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੋਂ ਸਦਨ ਦੀ ਮਾਣਹਾਨੀ ਹੁੰਦੀ ਹੈ।

ਕਾਂਗਰਸ ਨੇਤਾ ਉੱਤੇ ਨਿਸ਼ਾਨਾ ਸਾਧਦੇ ਹੋਏ ਅਮਿਤ ਸ਼ਾਹ ਨੇ ਕਿਹਾ, ਮੈਂ ਇਸ ਵਿੱਚ ਇਨ੍ਹਾਂ ਦਾ ਦੋਸ਼ ਨਹੀਂ ਵੇਖਦਾ, ਇਹਨਾਂ ਦੀ ਪਾਰਟੀ ਦਾ ਬੈਕਗਰਾਉਂਡ ਹੀ ਅਜਿਹਾ ਹੈ। ਤਸਵੀਰਾਂ ਦਿਖਾਉਂਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੇਰੇ ਕੋਲ ਦੋ ਫੋਟੋਗਰਾਫ ਹਨ। ਇੱਕ ਵਿੱਚ ਜਵਾਹਰ ਲਾਲ ਨਹਿਰੂ ਟੈਗੋਰ ਦੀ ਕੁਰਸੀ ‘ਤੇ ਬੈਠੇ ਹਨ। ਇਹ ਫੋਟੋਗਰਾਫ ਰਿਕਾਰਡ ਵਿੱਚ ਹੈ। ਦੂਜੀ ਤਸਵੀਰ ਵਿੱਚ ਰਾਜੀਵ ਗਾਂਧੀ ਤਾਂ ਟੈਗੋਰ ਦੇ ਸੋਫੇ ਉੱਤੇ ਬੈਠਕੇ ਆਰਾਮ ਨਾਲ ਚਾਹ ਪੀ ਰਹੇ ਹਨ।