ਭਾਰਤ ਵਿੱਚ ਲਾਪਤਾ ਹੋਈ ਕੁਵੈਤੀ ਔਰਤ ਬੰਗਲਾਦੇਸ਼ ਵਿੱਚ ਮਿਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਵੈਤ ਦੂਤਾਵਾਸ ਨੇ ਕੋਲਕਾਤਾ ਪੁਲਿਸ ਨੂੰ ਭੇਜਿਆ ਇੱਕ ਪ੍ਰਸ਼ੰਸਾ ਪੱਤਰ

Representational Image

 

ਕੋਲਕਾਤਾ - ਕੋਲਕਾਤਾ ਤੋਂ ਕਥਿਤ ਤੌਰ 'ਤੇ ਲਾਪਤਾ ਹੋਈ 31 ਸਾਲਾ ਕੁਵੈਤੀ ਔਰਤ ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਮਿਲੀ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇੱਕ ਪੁਲਿਸ ਅਧਿਕਾਰੀ ਨੇ ਦਿੱਤੀ।

ਕੋਲਕਾਤਾ ਪੁਲਿਸ ਨੇ ਪੂਰੀ ਜਾਂਚ ਤੋਂ ਬਾਅਦ ਕੁਵੈਤ ਦੇ ਦੂਤਾਵਾਸ ਨੂੰ ਸੂਚਿਤ ਕੀਤਾ ਕਿ ਔਰਤ ਇੱਕ ਪੁਰਸ਼ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਬੰਗਲਾਦੇਸ਼ ਚਲੀ ਗਈ ਹੈ।

ਪੁਲਿਸ ਅਧਿਕਾਰੀ ਨੇ ਕਿਹਾ, "ਇਸ ਤੋਂ ਬਾਅਦ, ਕੁਵੈਤ ਦੇ ਦੂਤਾਵਾਸ ਨੇ ਬੰਗਲਾਦੇਸ਼ ਤੋਂ ਮਦਦ ਮੰਗੀ ਅਤੇ ਔਰਤ ਸੋਮਵਾਰ ਨੂੰ ਬੰਗਲਾਦੇਸ਼ ਦੇ ਇੱਕ ਘਰ ਵਿੱਚ ਮਿਲੀ। ਪੁਲਿਸ ਨੇ ਔਰਤ ਨੂੰ ਕੁਵੈਤ ਦੇ ਅਧਿਕਾਰੀਆਂ ਹਵਾਲੇ ਕਰ ਦਿੱਤਾ ਹੈ।"

ਔਰਤ 20 ਜਨਵਰੀ ਨੂੰ ਆਪਣੇ ਛੋਟੇ ਭਰਾ ਨਾਲ ਕੋਲਕਾਤਾ ਆਈ ਸੀ, ਅਤੇ ਪੂਰਬੀ ਕੋਲਕਾਤਾ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਰੁਕੀ ਸੀ। ਉਹ ਇੱਕ ਨਿੱਜੀ ਹਸਪਤਾਲ ਵਿੱਚ ਚਮੜੀ ਦੀ ਬਿਮਾਰੀ ਦਾ ਇਲਾਜ ਕਰਵਾ ਰਹੀ ਸੀ।

ਅਧਿਕਾਰੀ ਨੇ ਦੱਸਿਆ ਕਿ ਉਹ 27 ਜਨਵਰੀ ਨੂੰ ਆਪਣੇ ਛੋਟੇ ਭਰਾ ਨਾਲ ਅਲੀਪੁਰ ਚਿੜੀਆਘਰ ਗਈ ਸੀ ਜਿੱਥੋਂ ਉਹ ਲਾਪਤਾ ਹੋ ਗਈ। ਔਰਤ ਦੇ ਲਾਪਤਾ ਹੋਣ ਦੀ ਸੂਚਨਾ ਉਸ ਦੇ ਭਰਾ ਨੇ ਅਲੀਪੁਰ ਥਾਣੇ ਨੂੰ ਦਿੱਤੀ। ਔਰਤ ਦੇ ਮੋਬਾਈਲ ਵਿੱਚ ਕੁਵੈਤੀ ਸਿਮ ਸੀ, ਇਸ ਲਈ ਉਸ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵਿੱਚ, ਔਰਤ ਇੱਕ ਆਦਮੀ ਦੇ ਨਾਲ ਪੀਲੀ ਟੈਕਸੀ ਵਿੱਚ ਬੈਠੀ ਦਿਖਾਈ ਦੇ ਰਹੀ ਹੈ। ਅਸੀਂ ਟੈਕਸੀ ਡਰਾਈਵਰ ਦਾ ਪਤਾ ਲਗਾਇਆ, ਜਿਸ ਤੋਂ ਪਤਾ ਲੱਗਾ ਕਿ ਉਹ ਮਾਰਕੁਇਸ ਸਟਰੀਟ (ਕੇਂਦਰੀ ਕੋਲਕਾਤਾ ਵਿੱਚ) ਨੇੜੇ ਉੱਤਰ ਗਏ ਸੀ।" 

ਉਨ੍ਹਾਂ ਨੇ ਦੱਸਿਆ ਕਿ ਉੱਥੋਂ ਉਹ ਇੱਕ ਹੋਰ ਟੈਕਸੀ ਲੈ ਕੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਨਗਾਓਂ ਨੇੜੇ ਬੰਗਲਾਦੇਸ਼ ਦੀ ਸਰਹੱਦ 'ਤੇ ਪਹੁੰਚੇ।

ਅਧਿਕਾਰੀ ਨੇ ਕਿਹਾ, "ਉਸ ਤੋਂ ਬਾਅਦ ਉਹ ਭਾਰਤੀ ਖੇਤਰ ਵਿੱਚ ਦਿਖਾਈ ਨਹੀਂ ਦਿੱਤੇ। ਕਈ ਸੀ.ਸੀ.ਟੀ.ਵੀ. ਫੁਟੇਜਾਂ ਨੂੰ ਸਕੈਨ ਕਰਨ ਤੋਂ ਬਾਅਦ, ਵਿਅਕਤੀ ਦੀ ਤਸਵੀਰ ਮਿਲੀ ਜੋ ਸੰਭਾਵੀ ਤੌਰ 'ਤੇ ਬੰਗਲਾਦੇਸ਼ ਦਾ ਨਿਵਾਸੀ ਹੈ।"

ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਵਿਅਕਤੀ ਵਿਰੁੱਧ 'ਰੈੱਡ ਅਲਰਟ' ਜਾਰੀ ਕੀਤਾ ਗਿਆ। ਅਲੀਪੁਰ ਪੁਲਿਸ ਸਟੇਸ਼ਨ ਅਤੇ ਕੋਲਕਾਤਾ ਪੁਲਿਸ ਦੇ 'ਐਂਟੀ-ਰਾਉਡੀ ਸੈਕਸ਼ਨ' ਦੇ ਸਟਾਫ਼ ਨੇ ਆਪਣੇ ਮੁਖ਼ਬਰਾਂ ਨਾਲ ਗੱਲ ਕੀਤੀ ਅਤੇ ਜਦੋਂ ਇਹ ਪੁਸ਼ਟੀ ਕੀਤੀ ਗਈ ਕਿ ਉਹ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਏ ਹਨ, ਤਾਂ ਉਨ੍ਹਾਂ ਨੇ ਨਵੀਂ ਦਿੱਲੀ ਸਥਿਤ ਕੁਵੈਤ ਦੂਤਾਵਾਸ ਨੂੰ ਸੂਚਿਤ ਕੀਤਾ।

ਅਧਿਕਾਰੀ ਨੇ ਕਿਹਾ ਕਿ ਦੂਤਾਵਾਸ ਨੇ ਕੋਲਕਾਤਾ ਪੁਲਿਸ ਨੂੰ ਇੱਕ ਪ੍ਰਸ਼ੰਸਾ ਪੱਤਰ ਭੇਜਿਆ ਹੈ, ਜਿਸ ਵਿੱਚ ਔਰਤ ਦਾ ਪਤਾ ਲਗਾਉਣ ਵਿੱਚ ਉਸ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਹੈ।

ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਆਦਮੀ ਨਾਲ ਕੀ ਹੋਇਆ, ਜੋ ਸ਼ਾਇਦ ਔਰਤ ਦਾ ਬੁਆਏਫ੍ਰੈਂਡ ਸੀ। ਔਰਤ ਬੰਗਲਾਦੇਸ਼ ਵਿੱਚ ਕਿੱਥੇ ਮਿਲੀ, ਇਸ ਬਾਰੇ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।