ਸੁਪਰੀਮ ਕੋਰਟ ਵੱਲੋਂ ਸਪਾ ਉਮੀਦਵਾਰ ਤੇਜ ਬਹਾਦੁਰ ਯਾਦਵ ਦੀ ਅਰਜ਼ੀ ਪਟੀਸ਼ਨ ਖਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਮਜ਼ਦਗੀ ਰੱਦ ਹੋਣ ਤੋਂ ਬਾਅਦ ਪਹੁੰਚੇ ਸਨ ਸੁਪਰੀਮ ਕੋਰਟ...

Supreme Court of India

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਾਬਕਾ ਬੀਐਸਐਫ਼ ਦੇ ਹੌਲਦਾਰ ਅਤੇ ਸਮਾਜਵਾਦੀ ਪਾਰਟੀ ਦੇ ਵਾਰਾਨਸੀ ਤੋਂ ਉਮੀਦਵਾਰ ਤੇਜ ਬਹਾਦੁਰ ਯਾਦਵ ਨੂੰ ਝਟਕਾ ਦਿੱਤਾ ਹੈ। ਅੱਜ ਵੀਰਵਾਰ ਨੂੰ ਸੁਣਵਾਈ ਸ਼ੁਰੂ ਹੁੰਦਿਆਂ ਹੀ ਚੀਫ਼ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਤੇਜ ਬਹਾਦੁਰ ਦੀ ਉਸ ਅਪੀਲ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ਇਹ ਅਪੀਲ ਸੁਣਨ ਲਾਇਕ ਨਹੀਂ ਹੈ। ਦੱਸ ਦੇਈਏ ਕਿ ਤੇਜ ਬਹਾਦੁਰ ਯਾਦਵ ਨੇ ਚੋਣ ਕਮਿਸ਼ਨ ਦੇ ਵਾਰਾਨਸੀ ਸੀਟ ਤੋਂ ਨਾਮਜ਼ਦਗੀ ਪੱਤਰ ਖਾਰਜ਼ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਸ ਮਾਮਲੇ ਚ ਕੋਰਟ ਨੇ ਚੋਣ ਕਮਿਸ਼ਨ ਨੂੰ ਆਪਣਾ ਜਵਾਬ ਦਾਖਲ ਕਰਨ ਨੂੰ ਕਿਹਾ ਸੀ।

ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ‘ਚ ਕਿਹਾ ਸੀ ਕਿ ਤੇਜ ਬਹਾਦੁਰ ਯਾਦਵ ਦੇ ਇਤਰਾਜਾਂ ਨੂੰ ਜਾਂਚਣ ਮਗਰੋਂ ਕਮਿਸ਼ਨ ਸਾਨੂੰ ਇਸ ਬਾਰੇ ਜਾਣੂ ਕਰਵਾਏ। ਜਿਸ ਤੋਂ ਬਾਅਦ ਇਸ ਮਾਮਲੇ ਤੇ ਅੱਜ ਸੁਣਵਾਈ ਹੋਣੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ। ਮੰਗ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਸਾਨੂੰ ਦਖਲ ਦੇਣ ਦਾ ਕੋਈ ਆਧਾਰ ਨਹੀਂ ਮਿਲਿਆ। ਜਨਤਕ ਮੰਗ ਦੇ ਤੌਰ ਉੱਤੇ ਇਸ ਵਿੱਚ ਦਖਲ ਦੇਣ ਦਾ ਕੋਈ ਆਧਾਰ ਨਹੀਂ ਹੈ। ਤੇਜ ਬਹਾਦੁਰ ਵਲੋਂ ਪ੍ਰਸ਼ਾਂਤ ਗਹਿਣਾ ਨੇ ਕਿਹਾ ਕਿ ਉਹ ਚੋਣ ਨੂੰ ਚੁਣੋਤੀ ਨਹੀ ਦੇ ਰਹੇ ਹੈ।

ਉਨ੍ਹਾਂ ਨੇ ਕਿਹਾ ਕਿ ਸਾਡਾ ਬਸ ਇਹ ਕਹਿਣਾ ਹੈ ਕਿ ਤੇਜ ਬਹਾਦੁਰ ਦਾ ਨਾਮਾਂਕਨ ਗਲਤ ਤਰੀਕੇ ਨਾਲ ਅਤੇ ਗੈਰਕਾਨੂਨੀ ਤਰੀਕੇ ਨਾਲ ਖਾਰਜ਼ ਹੋਇਆ ਹੈ ਅਤੇ ਉਨ੍ਹਾਂ ਨੂੰ 19 ਮਈ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਸ਼ਾਂਤ ਗਹਿਣਾ ਨੇ ਕਿਹਾ ਕਿ ਮੈਂ ਆਪਣੀ ਬਰਖਾਸਤਗੀ ਦਾ ਆਦੇਸ਼ ਨਾਮਜ਼ਦਗੀ ਨਾਲ ਨੱਥੀ ਕੀਤਾ ਸੀ। ਸਾਨੂੰ ਜਵਾਬ ਰੱਖਣ ਦਾ ਪੂਰਾ ਮੌਕਾ ਨਹੀ ਦਿੱਤਾ ਗਿਆ। ਮੈਂ ਚੋਣ ਨੂੰ ਨਹੀ ਰੋਕ ਰਿਹਾ ਹਾਂ ਬਸ ਮੈਂ ਚਾਹੁੰਦਾ ਹਾਂ ਕਿ ਮੇਰਾ ਨਾਮ ਜੋੜਿਆ ਜਾਵੇ। ਦੱਸ ਦਈਏ ਕਿ ਵਾਰਾਣਸੀ ‘ਚ 19 ਮਈ ਨੂੰ ਚੋਣਾਂ ਹੋਣੀਆਂ ਹਨ।

ਤੇਜ ਬਹਾਦੁਰ ਯਾਦਵ ਨੇ 29 ਅਪ੍ਰੈਲ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਇਸਨੂੰ 1 ਮਈ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਇਸ ਆਧਾਰ ‘ਤੇ ਖਾਰਜ਼ ਕਰ ਦਿੱਤਾ ਗਿਆ ਕਿ ਉਸਨੂੰ 19 ਅਪ੍ਰੈਲ, 2017 ਨੂੰ ਸਰਕਾਰੀ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਤੇਜ ਬਹਾਦੁਰ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਦੇ ਨਾਲ ਆਪਣੇ ਬਰਖਾਸਤਗੀ ਦਾ ਆਦੇਸ਼ ਦਿੱਤਾ ਸੀ। ਜਿਸ ਵਿੱਚ ਸਾਫ਼ ਸੀ ਕਿ ਉਸਨੂੰ ਅਨੁਸ਼ਾਸਨਹੀਨਤਾ ਲਈ ਬਰਖਾਸਤ ਕੀਤਾ ਗਿਆ ਸੀ। ਮੰਗ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਿਟਰਨਿੰਗ ਅਫਸਰ ਨੇ ਉਸ ਨੂੰ ਚੋਣ ਕਮਿਸ਼ਨ ਤੋਂ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਠੀਕ ਸਮਾਂ ਵੀ ਨਹੀਂ ਦਿੱਤਾ।