ਮਾਲੇ: ਮੁੜ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਸਨਿਚਰਵਾਰ ਨੂੰ ਅਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਮਾਲਦੀਵ ਪੁੱਜੇ। ਉਨ੍ਹਾਂ ਦੀ ਇਹ ਯਾਤਰਾ ਭਾਰਤ ਦੀ 'ਗੁਆਂਢੀ ਪਹਿਲਾਂ' ਦੀ ਨੀਤੀ ਨੂੰ ਦਿਤੀ ਜਾ ਰਹੀ ਮਹੱਤਤਾ ਨੂੰ ਦਰਸਾਉਂਦੀ ਹੈ। ਮੋਦੀ ਦਾ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਸਵਾਗਤ ਕੀਤਾ। ਇਸ ਦੋ ਦਿਨਾਂ ਦੀ ਯਾਤਰਾ ਦਾ ਮਕਸਦ ਹਿੰਦ ਮਹਾਂਸਾਗਰ ਦੀਪਸਮੂਹ ਦੇ ਨਾਲ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਣਾ ਹੈ।
ਮੋਦੀ ਨੇ ਮਾਲਦੀਵ ਦੀ ਸੰਸਦ ਨੂੰ ਅਪਣੇ ਸੰਬੋਧਨ 'ਚ ਕਿਹਾ ਕਿ ਕਈ ਦੇਸ਼ਾਂ ਵਲੋਂ ਪ੍ਰਾਯੋਜਿਤ ਅਤਿਵਾਦ ਅੱਜ ਦੁਨੀਆਂ ਸਾਹਮਣੇ ਸੱਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਲੋਕ ਅਜੇ ਵੀ 'ਚੰਗੇ ਅਤੇ ਬੁਰੇ' ਅਤਿਵਾਦ ਵਿਚਕਾਰ ਭੇਦ ਕਰਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਵੀਦ ਦੇ ਰਾਸ਼ਟਰਪਤੀ ਇਬਰਾਹਿਮ ਮੋਹੰਮਦ ਸੋਲੇਹ ਨੇ ਕਈ ਮੁੱਦਿਆਂ 'ਤੇ ਗਰਮਜੋਸ਼ੀ ਨਾਲ ਚਰਚਾ ਕੀਤੀ।
ਦੋਹਾਂ ਦੇਸ਼ਾਂ ਨੇ ਰਖਿਆ ਅਤੇ ਸਮੁੰਦਰ ਸਮੇਤ ਮਹੱਤਵਪੂਰਨ ਖੇਤਰਾਂ 'ਚ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਹਸਤਾਖ਼ਰ ਵੀ ਕੀਤੇ।
ਪਹਿਲਾ ਸਮਝੌਤਾ ਐਮ.ਓ.ਯੂ. ਜਲ ਵਿਗਿਆਨ ਸਬੰਧੀ ਮਾਮਲਿਆਂ ਦੇ ਖੇਤਰ 'ਚ ਸਹਿਯੋਗ ਲਈ ਕੀਤਾ ਗਿਆ। ਦੂਜਾ ਕਰਾਰ ਸਿਹਤ ਖੇਤਰ 'ਚ ਕੀਤਾ ਗਿਆ। ਹੋਰ ਸਮਝੌਤੇ ਸਮੁੰਦਰੀ ਮਾਰਗ ਜ਼ਰੀਏ ਯਾਤਰੀ ਅਤੇ ਮਾਲਵਾਹਕ ਸੇਵਾਵਾਂ ਸਥਾਪਤ ਕਰਨ, ਭਾਰਤ ਦੇ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਡਿਊਟੀ ਬੋਰਡ ਅਤੇ ਮਾਲਦੀਪ ਕਸਟਮ ਡਿਊਟੀ ਸੇਵਾ ਵਿਚਕਾਰ ਸਹਿਯੋਗ 'ਤੇ ਕੀਤੇ ਗਏ।
ਰਾਸ਼ਟਰੀ ਸੁਸ਼ਾਸਨ ਕੇਂਦਰ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਅਤੇ ਮਾਲਦੀਵ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਸਿਖਲਾਈ ਅਤੇ ਸਮਰਥਾ ਨਿਰਮਾਣ 'ਤੇ ਮਾਲਦੀਪ ਪ੍ਰਸ਼ਾਸਨਿਕ ਸੇਵਾ ਕਮਿਸ਼ਨ ਦੇ ਪ੍ਰੋਗਰਾਮ ਵਿਚਕਾਰ ਵੀ ਸਹਿਮਤੀ ਕਰਾਰ 'ਤੇ ਹਸਤਾਖ਼ਰ ਕੀਤੇ ਗਏ। ਭਾਰਤੀ ਸਮੁੰਦਰੀ ਫ਼ੌਜ ਅਤੇ ਮਾਲਦੀਪ ਰਾਸ਼ਟਰੀ ਰਖਿਆ ਬਲ ਵਿਚਕਾਰ ਵੀ ਸੂਚਨਾਵਾਂ ਸਾਂਝੀਆਂ ਕਰਨ ਲਈ ਇਕ ਤਕਨੀਕੀ ਸਮਝੌਤਾ ਹੋਇਆ।