ਕੰਟੇਨਮੈਂਟ Zone 'ਚ 30% ਅਬਾਦੀ ਹੋਇਆ ਕੋਰੋਨਾ, ਪਰ ਸੰਕਰਮਣ ਦਾ ਪਤਾ ਚੱਲੇ ਬਗੈਰ ਹੀ ਠੀਕ ਹੋਏ ਮਰੀਜ
ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ।
ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ। ਦੇਸ਼ ਭਰ ਵਿਚ ਦੋ ਮਹੀਨੇ ਦੇ ਲੌਕਡਾਊਨ ਦੇ ਬਾਵਜੂਦ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ।
ਇਸ ਦੌਰਾਨ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਇਕ ਸਰਵੇਖਣ ਕੀਤਾ ਹੈ। ਜਿਸ ਵਿਚ ਉਹਨਾਂ ਨੇ ਪਾਇਆ ਹੈ ਕਿ ਕੰਟੇਨਮੈਂਟ ਜ਼ੋਨ ਅਰਥਾਤ ਉਹਨਾਂ ਖੇਤਰਾਂ ਵਿਚ ਜਿੱਥੇ ਪਹਿਲਾਂ ਹੀ ਕੋਰੋਨਾ ਦੇ ਕੇਸ ਹਨ, ਇੱਥੇ ਹਰ ਤੀਜਾ ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੈ, ਪਰ ਸੰਕਰਮਣ ਦਾ ਪਤਾ ਚੱਲੇ ਬਗੈਰ ਹੀ ਮਰੀਜ਼ ਠੀਕ ਵੀ ਹੋ ਗਏ ਹਨ।
ਕੰਟੇਨਮੈਂਟ ਜ਼ੋਨ ਵਿਚ ਰਹਿਣ ਵਾਲੇ 30% ਆਬਾਦੀ ਨੂੰ ਕੋਰੋਨਾ ਹੋਇਆ ਹੈ ਤੇ ਉਹ ਸੰਕਰਮਿਤ ਹੋ ਕੇ ਅਪਣੇ ਆਪ ਹੀ ਠੀਕ ਹੋ ਗਏ। ਇਹ ਖੁਲਾਸਾ ਸੀਰੋ-ਸਰਵੇਖਣ ਦੁਆਰਾ ਕੀਤਾ ਗਿਆ ਹੈ। ਇਹਨਾਂ ਵਿਚ ਉਹ ਮਰੀਜ਼ ਵੀ ਸ਼ਾਮਲ ਹਨ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਦਿਖਾਈ ਦਿੱਤੇ।
ਇਸ ਦੇ ਨਾਲ ਹੀ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਇਹਨਾਂ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਇਮਿਊਨਿਟੀ ਵਧ ਰਹੀ ਹੈ। ਰਿਪੋਰਟ ਇਸ ਤੱਥ ਵੱਲ ਇਸ਼ਾਰਾ ਕਰਦੀ ਹੈ ਕਿ ਸੰਕਰਮਣ ਦਰ ਮੁੰਬਈ, ਪੁਣੇ, ਦਿੱਲੀ, ਅਹਿਮਦਾਬਾਦ ਅਤੇ ਇੰਦੌਰ ਆਦਿ ਸ਼ਹਿਰਾਂ ਵਿਚ ਜ਼ਿਆਦਾ ਹੈ।
ਇਹਨਾਂ ਸ਼ਹਿਰਾਂ ਵਿਚ ਸੰਕਰਮਣ ਦਰ ਹੋਰ ਹੌਟਸਪਾਟਾਂ ਦੀ ਤੁਲਨਾ ਵਿਚ ਲਗਭਗ 100 ਗੁਣਾ ਜ਼ਿਆਦਾ ਹੈ। ਸਰਵੇ ਵਿਚ ਇਹ ਵੀ ਪਤਾ ਚੱਲਿਆ ਹੈ ਕਿ ਦੇਸ਼ ਵਿਚ ਕਈ ਲੋਕਾਂ ਵਿਚ ਵਾਇਰਸ ਨਾਲ ਸੰਕਰਮਿਤ ਹੋਣ ਤੋਂ ਬਾਅਦ ਵੀ ਕੋਰੋਨਾ ਦੇ ਲੱਛਣ ਨਹੀਂ ਦਿਖਾਈ ਦੇ ਰਹੇ। ਅਜਿਹੇ ਵਿਚ ਭਾਰਤ ਵਿਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਾਫੀ ਜ਼ਿਆਦਾ ਹੈ।