ਲਖਨਊ ਵਿਚ ਭਿਖਾਰੀਆਂ ਨੂੰ ਮਿਲੇਗਾ ਰੁਜ਼ਗਾਰ
ਨਗਰ ਨਿਗਮ ਦੇ ਰਿਕਾਰਡ ਮੁਤਾਬਕ ਸ਼ਹਿਰ ਵਿਚ ਕੁਲ 543 ਭਿਖਾਰੀ ਹਨ ਪਰ ਗ਼ੈਰ ਸਰਕਾਰੀ ਅੰਕੜਿਆਂ ਮੁਤਾਬਕ ਇਹ ਗਿਣਤੀ ਲਗਭਗ ਪੰਜ ਹਜ਼ਾਰ ਹੈ।
ਲਖਨਊ : ਲਖਨਊ ਨਗਰ ਨਿਗਮ ਭਿਖਾਰੀਆਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਬਣਾ ਰਿਹਾ ਹੈ ਤਾਕਿ ਇਹ ਲੋਕ ਭੀਖ ਮੰਗਣ ਦੀ ਥਾਂ 'ਤੇ ਮਿਹਨਤ ਕਰ ਕੇ ਅਪਣੇ ਪਰਵਾਰ ਦਾ ਪੇਟ ਭਰਨ ਦੇ ਸਮਰੱਥ ਹੋ ਸਕਣ। ਨਗਰ ਨਿਗਮ ਦੇ ਰਿਕਾਰਡ ਮੁਤਾਬਕ ਸ਼ਹਿਰ ਵਿਚ ਕੁਲ 543 ਭਿਖਾਰੀ ਹਨ ਪਰ ਗ਼ੈਰ ਸਰਕਾਰੀ ਅੰਕੜਿਆਂ ਮੁਤਾਬਕ ਇਹ ਗਿਣਤੀ ਲਗਭਗ ਪੰਜ ਹਜ਼ਾਰ ਹੈ।
ਨਗਰ ਨਿਗਮ ਵਲੋਂ ਹਰ ਵਾਰਡ ਦਾ ਸਰਵੇ ਕੀਤਾ ਜਾ ਰਿਹਾ ਹੈ। ਨਗਰ ਨਿਗਮ ਕਮਿਸ਼ਨਰ ਇੰਦਰਮਣੀ ਤ੍ਰਿਪਾਠੀ ਨੇ ਦਸਿਆ ਕਿ ਇਕ ਸਰਵੇਖਣ ਮੁਤਾਬਕ ਸ਼ਹਿਰ ਵਿਚ 543 ਭਿਖਾਰੀ ਹਨ ਜਿਨ੍ਹਾਂ ਨੂੰ ਨਗਰ ਨਿਗਮ ਰੁਜ਼ਗਾਰ ਦੇਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇਹ ਯੋਜਨਾ ਭਿਖਾਰੀਆਂ ਨੂੰ ਮੁੱਖ ਧਾਰਾ ਨਾਲ ਜੋੜਨ ਦੇ ਮਕਸਦ ਨਾਲ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਤੋਂ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨਾ, ਸਫ਼ਾਈ ਦਾ ਕੰਮ ਕਰਨਾ, ਸੜਕਾਂ 'ਤੇ ਬਿਜਲੀ ਦੀ ਵਿਵਸਥਾ ਦਾ ਕੰਮ ਕਰਨਾ, ਗਟਰ ਦੀ ਸਫ਼ਾਈ ਆਦਿ ਕੰਮ ਕਰਵਾਏ ਜਾਣਗੇ।
ਇਨ੍ਹਾਂ ਨੂੰ ਯੋਗਤਾ ਅਤੇ ਸਮਰੱਥਾ ਦੇ ਮੁਤਾਬਕ ਹੀ ਕੰਮ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸ਼ਹਿਰ ਵਿਚ ਕਾਫ਼ੀ ਲੋਕ ਵਿੱਤੀ ਮਜਬੂਰੀਆਂ ਅਤੇ ਆਰਥਕ ਤੰਗੀ ਕਾਰਨ ਭੀਖ ਮੰਗਣ ਲਈ ਮਜਬੂਰ ਹਨ। ਅਜਿਹੇ ਭਿਖਾਰੀਆਂ ਨੂੰ ਪਹਿਲਾਂ ਉਨ੍ਹਾਂ ਦੀ ਸਮਰੱਥਾ ਮੁਤਾਬਕ ਸਿਖਲਾਈ ਦਿਤੀ ਜਾਵੇਗੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਕੰਮ ਦਿਤਾ ਜਾਵੇਗਾ। ਇਸ ਕੰਮ ਵਿਚ ਸਮਾਜ ਭਲਾਈ ਵਿਭਾਗ ਦੀ ਵੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਮੁਤਾਬਕ ਅੱਠ ਤੋਂ ਨੌਂ ਹਜ਼ਾਰ ਰੁਪਏ ਤਨਖ਼ਾਹ ਦਿਤੀ ਜਾਵੇਗੀ। ਇਸ ਯੋਜਨਾ ਨੂੰ ਅਗਲੇ ਮਹੀਨੇ ਤੋਂ ਅਮਲ ਵਿਚ ਲਿਆਉਣ ਦਾ ਕੰਮ ਸ਼ੁਰੂ ਹੋ ਜਾਵੇਗਾ।