ਮੌਤ ਤੋਂ ਬਾਅਦ ਭਿਖਾਰੀ ਕੋਲੋਂ ਮਿਲੇ 3.22 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 12 ਸਾਲ ਤੋਂ ਦਰਗਾਹ ਦੇ ਬਾਹਰ ਮੰਗ ਰਿਹਾ ਸੀ ਭੀਖ 

Andhra Pradesh: Beggar dies leaving Rs 3.2 lakh cash behind

ਵਿਜੇਵਾੜਾ : ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਗੁੰਟਕਲ 'ਚ ਮਸਤਾਨ ਵਾਲੀ ਦਰਗਾਹ ਦੇ ਬਾਹਰ ਇਕ ਭਿਖਾਰੀ ਦੀ ਨੀਂਦ 'ਚ ਹੀ ਮੌਤ ਹੋ ਗਈ। ਪੁਲਿਸ ਵੱਲੋਂ ਜਦੋਂ ਭਿਖਾਰੀ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਨੂੰ ਸਾਮਾਨ 'ਚੋਂ ਬਹੁਤ ਸਾਰੇ ਸਿੱਕੇ ਅਤੇ ਨੋਟ ਮਿਲੇ। ਜਦੋਂ ਇਨ੍ਹਾਂ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਾ ਕਿ ਭਿਖਾਰੀ ਆਪਣੇ ਪਿੱਛੇ 3,22,676 ਰੁਪਏ ਛੱਡ ਗਿਆ ਹੈ।

ਪੁਲਿਸ ਨੇ ਭਿਖਾਰੀ ਦੀ ਪਛਾਣ ਬਾਸ਼ਾ ਵਜੋਂ ਕੀਤੀ ਹੈ। ਉਹ ਪਿਛਲੇ 12 ਸਾਲ ਤੋਂ ਦਰਗਾਹ ਦੇ ਬਾਹਰ ਭੀਖ ਮੰਗ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫ਼ੋਨ ਆਇਆ ਸੀ ਕਿ ਇਕ ਬਜ਼ੁਰਗ ਵਿਅਕਤੀ ਦੀ ਦਰਗਾਹ ਦੇ ਬਾਹਰ ਮੌਤ ਹੋ ਗਈ। ਸਰਕਲ ਇੰਸਪੈਕਟਰ ਅਨਿਲ ਕੁਮਾਰ ਅਤੇ ਸਬ ਇੰਸਪੈਕਟਰ ਰਾਮ ਕ੍ਰਿਸ਼ਣ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਕਰਨ ਲਈ ਉਸ ਦੇ ਸਾਮਾਨ ਦੀ ਜਾਂਚ ਕੀਤੀ ਸੀ।

ਉਨ੍ਹਾਂ ਨੂੰ ਬੈਗ 'ਚੋਂ ਕੋਈ ਪਛਾਣ ਪੱਤਰ ਤਾਂ ਨਹੀਂ ਮਿਲਿਆ ਪਰ ਕਈ ਸਾਲਾਂ ਤੋਂ ਇਕੱਤਰ ਕੀਤੇ ਸਿੱਕੇ ਅਤੇ ਨੋਟ ਮਿਲੇ। ਪੁਲਿਸ ਨੇ ਉਸ ਦੀ ਲਾਸ਼ ਹਸਪਤਾਲ ਦੇ ਮੁਰਦਾ ਘਰ 'ਚ ਰਖਵਾ ਦਿੱਤੀ ਹੈ। ਬੈਗ 'ਚੋਂ ਕੁਲ 3,22,676 ਰੁਪਏ ਮਿਲੇ। ਬਾਸ਼ਾ ਨੇ ਇਹ ਪੈਸੇ ਨਾ ਕਿਸੇ ਬੈਂਕ 'ਚ ਜਮਾਂ ਕਰਵਾਏ ਅਤੇ ਨਾ ਹੀ ਖ਼ਰਚੇ। ਸਥਾਨਕ ਲੋਕਾਂ ਮੁਤਾਬਕ ਬਾਸ਼ਾ ਦੁਕਾਨਦਾਰਾਂ ਲਈ 'ਚਿੱਲਰ ਏਜੰਟ' ਸੀ। ਲੋਕ ਉਸ ਕੋਲੋਂ 500 ਰੁਪਏ ਦੇ ਨੋਟ ਖੁੱਲ੍ਹੇ ਕਰਵਾਉਂਦੇ ਸਨ। ਉਹ ਬਦਲੇ 'ਚ 1-2 ਜਾਂ 5 ਰੁਪਏ ਵੱਧ ਲੈਂਦਾ ਸੀ।