ਕੇਰਲ ਵਿਚ ਭਾਰੀ ਬਾਰਿਸ਼ ਤੋਂ ਬਾਅਦ ਰੈੱਡ ਅਲਰਟ, ਸੀਐਮ ਨੇ ਬੁਲਾਈ ਬੈਠਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਤੋਂ ਬਾਅਦ ਹੁਣ ਕੇਰਲ ਵਿਚ ਆਫ਼ਤ ਦੀ ਬਾਰਿਸ਼ ਹੋਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

High Alert in Kerala

ਕੇਰਲ: ਕਰਨਾਟਕ ਤੋਂ ਬਾਅਦ ਹੁਣ ਕੇਰਲ ਵਿਚ ਆਫ਼ਤ ਦੀ ਬਾਰਿਸ਼ ਹੋਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਾਰਿਸ਼ ਦੇ ਚਲਦਿਆਂ ਮੌਸਮ ਵਿਭਾਗ ਨੇ ਸੂਬੇ ਦੇ ਚਾਰ ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਇਹਨਾਂ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਭਾਰੀ ਬਾਰਿਸ਼ ਅਤੇ ਹੜ੍ਹ ਦੇ ਚਲਦਿਆਂ ਹੁਣ ਤੱਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਪਿਨਰਾਈ ਵਿਜੈਯਨ ਨੇ ਐਮਰਜੈਂਸੀ ਬੈਠਕ ਬੁਲਾਈ ਹੈ। ਬੈਠਕ ਵਿਚ ਭਾਰੀ ਬਾਰਿਸ਼ ਨਾਲ ਪੈਦਾ ਹੋਏ ਹੜ੍ਹ ਦੇ ਹਲਾਤਾਂ ‘ਤੇ ਚਰਚਾ ਕੀਤੀ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਵੀ ਕਈ ਖੇਤਰਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਹੈ। ਕੇਰਲ ਵਿਚ ਜ਼ਿਆਦਾਤਰ  ਨਦੀਆਂ ਦਾ ਜਲ ਪੱਧਰ ਵਧ ਜਾਣ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

ਕੋਚੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੜ੍ਹ ਦਾ ਪਾਣੀ ਹਵਾਈ ਅੱਡੇ ਦੀ ਪਾਰਕਿੰਗ ਵਿਚ ਭਰ ਗਿਆ ਹੈ। ਕੇਰਲ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ ਨੇ ਭਾਰੀ ਬਾਰਿਸ਼ ਨੂੰ ਦੇਖਦੇ ਹੋਏ 22,165 ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾ ਦਿੱਤਾ ਹੈ। ਇਸ ਦੇ ਨਾਲ ਹੀ ਸੂਬੇ ਦੇ ਹਾਲਾਤ ਦੇਖਦੇ ਹੋਏ ਸਰਕਾਰ ਨੇ ਸਕੂਲਾਂ ਵਿਚ ਛੁੱਟੀ ਐਲਾਨ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਵਾਇਨਾਡ ਦੇ ਨੇੜੇ  100 ਤੋਂ ਜ਼ਿਆਦਾ ਲੋਕਾਂ ਨੂੰ ਐਨਡੀਆਰਐਫ ਵੱਲੋਂ ਬਚਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰੀ ਬਾਰਿਸ਼ ਦੇ ਚਲਦੇ ਅੱਧੀ ਰਾਤ ਤੱਕ ਉਡਾਨਾਂ ਨੂੰ ਚਾਰ ਘੰਟੇ  ਰੋਕਿਆ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਕਾਰਨ ਹਵਾਈ ਅੱਡੇ ਦਾ ਜ਼ਿਆਦਾਤਰ ਹਿੱਸਾ ਪਾਣੀ ਨਾਲ ਭਰ ਗਿਆ ਹੈ। ਨਵੇਂ ਨਿਰਦੇਸ਼ਾਂ ਮੁਤਾਬਕ 11 ਅਗਸਤ ਨੂੰ ਦੁਪਹਿਰ ਤਿੰਨ ਵਜੇ ਤੱਕ ਕੋਚੀ ਹਵਾਈ ਅੱਡੇ ‘ਤੇ ਹਵਾਈ ਸੰਚਾਲਨ ਨੂੰ ਰੋਕ ਦਿੱਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।