CWC ਦੀ ਬੈਠਕ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਚੱਲ ਰਹੀ ਉਤਸ਼ਾਹ ਦੀ ਸਥਿਤੀ ਸ਼ਨੀਵਾਰ ਨੂੰ ਖ਼ਤਮ ਹੋ ਸਕਦੀ ਹੈ।

Sonia Gandhi and Rahul Gandhi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਚੱਲ ਰਹੀ ਉਤਸ਼ਾਹ ਦੀ ਸਥਿਤੀ ਸ਼ਨੀਵਾਰ ਨੂੰ ਖ਼ਤਮ ਹੋ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਕਾਂਗਰਸ ਪ੍ਰਧਾਨ ਨੂੰ ਲੈ ਕੇ ਸ਼ਨੀਵਾਰ ਨੂੰ ਪਾਰਟੀ ਦੀ ਬੈਠਕ ਵਿਚ ਫ਼ੈਸਲਾ ਹੋ ਸਕਦਾ ਹੈ। ਯੂਪੀਏ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਹੋਈ ਬੈਠਕ ਵਿਚ ਸੀਨੀਅਰ ਕਾਂਗਰਸ ਆਗੂ ਏਕੇ ਐਂਟਨੀ, ਅਹਿਮਦ ਪਟੇਲ ਅਤੇ ਕੇਵੀ ਵੇਣੂਗੋਪਾਲ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਸਨ।

ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਇਹ ਵੀ ਤੈਅ ਕੀਤਾ ਗਿਆ ਕਿ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਵਿਚ ਹੁਣ ਹੋਰ ਦੇਰੀ ਨਹੀਂ ਕੀਤੀ ਜਾਵੇਗੀ। ਖ਼ਬਰਾਂ ਮੁਤਾਬਕ ਇਸ ਦੌਰਾਨ ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ ਸਨ। ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਮੁਲਾਕਾਤ ਤੋਂ ਬਾਅਦ ਸੂਤਰਾਂ ਦਾ ਕਹਿਣਾ ਹੈ ਕਿ ਮੁਕੁਲ ਵਾਸਨਿਕ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰਾਂ ਵਿਚ ਸਭ ਤੋਂ ਅੱਗੇ ਹਨ। ਦੱਸ ਦਈਏ ਕਿ ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਹੋਣ ਵਾਲੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਦੋ ਦਹਾਕਿਆਂ ਵਿਚ ਪਹਿਲੀ ਵਾਰ ਗਾਂਧੀ ਪਰਿਵਾਰ ਤੋਂ ਬਾਹਰ ਕਿਸੇ ਹੋਰ ਵਿਅਕਤੀ ਨੂੰ ਪਾਰਟੀ ਦੀ ਕਮਾਨ ਮਿਲ ਸਕਦੀ ਹੈ। ਮੁਕੁਲ ਵਾਸਨਿਕ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਦੇ ਦਾਅਵੇਦਾਰਾਂ ਵਿਚ ਸਭ ਤੋਂ ਅੱਗੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦਾ ਨਾਂਅ ਵੀ ਅੱਗੇ ਚੱਲ ਰਿਹਾ ਸੀ। ਸ਼ਿੰਦੇ ਨੂੰ ਪਾਰਟੀ ਵਿਚ ਇਕ ਮੁੱਖ ਦਲਿਤ ਚੇਹਰਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਮਲਿਕਾਰਜੁਨ ਖੜਗੇ ਦਾ ਨਾਂਅ ਵੀ ਪਾਰਟੀ ਪ੍ਰਧਾਨ ਦੀ ਰੇਸ ਵਿਚ ਹੈ।