ਜੀ-20 ਨੇ ਵਿਅਕਤੀਆਂ, ਧਾਰਮਿਕ ਚਿੰਨ੍ਹਾਂ ਅਤੇ ਪਵਿੱਤਰ ਪੁਸਤਕਾਂ ਵਿਰੁਧ ਧਾਰਮਕ ਨਫ਼ਰਤ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ
ਨਰਿੰਦਰ ਮੋਦੀ ਨੇ ਜੀ-20 ਬੈਠਕ ਦੀ ਸ਼ੁਰੂਆਤ ’ਚ ਅਪਣੇ ਸੰਬੋਧਨ ’ਚ ਕਿਹਾ ਸੀ, ‘‘ਭਾਰਤ ਵਿਸ਼ਵਾਸ, ਅਧਿਆਤਮਿਕਤਾ ਅਤੇ ਪਰੰਪਰਾਵਾਂ ਦੀ ਵੰਨ-ਸੁਵੰਨਤਾ ਵਾਲਾ ਦੇਸ਼ ਹੈ"।
ਨਵੀਂ ਦਿੱਲੀ: ਜੀ-20 ਸਮੂਹ ਨੇ ਵਿਅਕਤੀਆਂ, ਧਾਰਮਕ ਚਿੰਨ੍ਹਾਂ ਅਤੇ ਪਵਿੱਤਰ ਗ੍ਰੰਥਾਂ ਵਿਰੁਧ ਧਾਰਮਕ ਨਫਰਤ ਫੈਲਾਉਣ ਵਾਲੀਆਂ ਸਾਰੀਆਂ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ ਹੈ। ਭਾਰਤ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਇਸ ਸਮੂਹ ਦੇ ਆਗੂਆਂ ਦੀ ਮੀਟਿੰਗ ’ਚ ਦਿੱਲੀ ਐਲਾਨਨਾਮੇ ਨੂੰ ਅਪਣਾਇਆ ਗਿਆ ਜਿਸ ’ਚ ਉਨ੍ਹਾਂ ਨੇ ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਇਕੱਠ ਕਰਨ ਦੇ ਅਧਿਕਾਰ ’ਤੇ ਜ਼ੋਰ ਦਿਤਾ।
ਐਲਾਨਨਾਮੇ ’ਚ ਕਿਹਾ ਗਿਆ ਹੈ, ‘‘ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਏ/ਆਰ.ਈ.ਐੱਸ./77/318, ਖਾਸ ਤੌਰ ’ਤੇ ਧਾਰਮਕ ਅਤੇ ਸਭਿਆਚਾਰਕ ਵੰਨ-ਸੁਵੰਨਤਾ, ਸੰਵਾਦ ਅਤੇ ਸਹਿਣਸ਼ੀਲਤਾ ਲਈ ਸਨਮਾਨ ਨੂੰ ਉਤਸ਼ਾਹਿਤ ਕਰਨ ਲਈ ਇਸਦੀ ਵਚਨਬੱਧਤਾ ’ਤੇ ਧਿਆਨ ਦਿੰਦੇ ਹਾਂ। ਅਸੀਂ ਇਸ ਗੱਲ ’ਤੇ ਵੀ ਜ਼ੋਰ ਦਿੰਦੇ ਹਾਂ ਕਿ ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ, ਵਿਚਾਰ ਜਾਂ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤਮਈ ਇਕੱਠ ਕਰਨ ਦਾ ਅਧਿਕਾਰ ਅਤੇ ਸੰਘ ਦੀ ਆਜ਼ਾਦੀ ਦਾ ਅਧਿਕਾਰ ਇਕ ਦੂਜੇ ’ਤੇ ਨਿਰਭਰ, ਅੰਤਰ-ਸਬੰਧਤ ਅਤੇ ਆਪਸੀ ਮਜ਼ਬੂਤੀ ਵਾਲੇ ਹਨ, ਅਤੇ ਇਸ ਭੂਮਿਕਾ ’ਤੇ ਵੀ ਜ਼ੋਰ ਦਿੰਦੇ ਹਾਂ ਕਿ ਇਨ੍ਹਾਂ ਅਧਿਕਾਰਾਂ ਦੀ ਵਰਤੋਂ ਧਰਮ ਜਾਂ ਵਿਸ਼ਵਾਸ ਦੇ ਆਧਾਰ ’ਤੇ ਹਰ ਕਿਸਮ ਦੀ ਅਸਹਿਣਸ਼ੀਲਤਾ ਅਤੇ ਵਿਤਕਰੇ ਵਿਰੁਧ ਲੜਾਈ ਵਿਚ ਕੀਤੀ ਜਾ ਸਕਦੀ ਹੈ।’’
ਜੀ20 ਨੇ ਅਪਣੇ ਸਾਂਝੇ ਐਲਾਨਨਾਮੇ ’ਚ ਕਿਹਾ, ‘‘ਇਸ ਸਬੰਧ ’ਚ ਅਸੀਂ ਧਾਰਮਕ ਚਿੰਨ੍ਹਾਂ ਅਤੇ ਪਵਿੱਤਰ ਕਿਤਾਬਾਂ ਸਮੇਤ ਘਰੇਲੂ ਕਾਨੂੰਨੀ ਢਾਂਚੇ ਪ੍ਰਤੀ ਪੱਖਪਾਤ ਕੀਤੇ ਬਿਨਾਂ ਵਿਅਕਤੀਆਂ ਵਿਰੁਧ ਧਾਰਮਕ ਨਫ਼ਰਤ ਦੀਆਂ ਸਾਰੀਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕਰਦੇ ਹਾਂ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਬੈਠਕ ਦੀ ਸ਼ੁਰੂਆਤ ’ਚ ਅਪਣੇ ਸੰਬੋਧਨ ’ਚ ਕਿਹਾ ਸੀ, ‘‘ਭਾਰਤ ਵਿਸ਼ਵਾਸ, ਅਧਿਆਤਮਿਕਤਾ ਅਤੇ ਪਰੰਪਰਾਵਾਂ ਦੀ ਵੰਨ-ਸੁਵੰਨਤਾ ਵਾਲਾ ਦੇਸ਼ ਹੈ। ਦੁਨੀਆਂ ਦੇ ਕਈ ਵੱਡੇ ਧਰਮਾਂ ਨੇ ਇੱਥੇ ਜਨਮ ਲਿਆ ਅਤੇ ਦੁਨੀਆਂ ਦੇ ਹਰ ਧਰਮ ਨੂੰ ਇੱਥੇ ਸਤਿਕਾਰ ਮਿਲਿਆ ਹੈ।’’
ਉਨ੍ਹਾਂ ਕਿਹਾ, ‘‘ਲੋਕਤੰਤਰ ਦੀ ਮਾਂ ਹੋਣ ਦੇ ਨਾਤੇ, ਸੰਵਾਦ ਅਤੇ ਲੋਕਤੰਤਰੀ ਸਿਧਾਂਤਾਂ ’ਚ ਸਾਡਾ ਵਿਸ਼ਵਾਸ ਆਦਿ ਕਾਲ ਤੋਂ ਅਟੁੱਟ ਰਿਹਾ ਹੈ। ਸਾਡਾ ਗਲੋਬਲ ਆਚਰਣ ‘ਵਸੁਧੈਵ ਕੁਟੁੰਬਕਮ’ ਦੇ ਬੁਨਿਆਦੀ ਸਿਧਾਂਤ ’ਚ ਜੜਿਆ ਹੋਇਆ ਹੈ, ਜਿਸ ਦਾ ਅਰਥ ਹੈ ‘ਸੰਸਾਰ ਇੱਕ ਪਰਿਵਾਰ ਹੈ’।