ਸੇਵਾਮੁਕਤ ਆਈਜੀ ਦੀ ਬੇਟੀ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਸਨਿਗਧਾ ਦਾ ਤਿਲਕ ਹੋਇਆ ਸੀ। 10 ਦਸੰਬਰ ਨੂੰ ਕਿਸ਼ਨਗੰਜ ਡੀਐਮ ਮਹਿੰਦਰ ਪ੍ਰਸਾਦ ਨਾਲ ਉਸ ਦਾ ਵਿਆਹ ਹੋਣ ਵਾਲਾ ਸੀ।

Suicide

ਬਿਹਾਰ, ( ਭਾਸ਼ਾ )  : ਪਟਨਾ ਵਿਖੇ ਸੇਵਾਮੁਕਤ ਆਈਜੀ ਉਮਾਸ਼ੰਕਰ ਸੁਧਾਂਸ਼ੂ ਦੀ ਬੇਟੀ ਨੇ ਅਪਾਰਟਮੈਂਟ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਹ ਹਾਦਸਾ ਕੋਤਵਾਲੀ ਥਾਣਾ ਖੇਤਰ ਦੇ ਉਦੇਗਿਰੀ ਅਪਾਰਟਮੈਂਟ ਦਾ ਹੈ। ਮ੍ਰਿਤਕਾ ਦਾ ਨਾਮ ਸਨਿਗਧਾ ਕੁਮਾਰੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ  ਹੀ ਡੀਐਮ ਕੁਮਾਰ ਰਵੀ ਅਤੇ ਐਸਐਸਪੀ ਮਨੁ ਮਹਾਰਾਜ ਅਪਣੀ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ। ਅਜੇ ਤੱਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਸਨਿਗਧਾ ਦਾ ਤਿਲਕ ਹੋਇਆ ਸੀ। 10 ਦਸੰਬਰ ਨੂੰ ਕਿਸ਼ਨਗੰਜ ਡੀਐਮ ਮਹਿੰਦਰ ਪ੍ਰਸਾਦ ਨਾਲ ਉਸ ਦਾ ਵਿਆਹ ਹੋਣ ਵਾਲਾ ਸੀ। ਅੱਜ ਸਵੇਰੇ ਲਗਭਗ 6 ਵਜੇ ਉਹ ਉਦੇਗਿਰੀ ਅਪਾਰਟਮੈਂਟ ਪੁੱਜੀ। ਅਪਾਰਟਮੈਂਟ ਦੀ 15ਵੀਂ ਮੰਜ਼ਲ 'ਤੇ ਇਕ ਅਧਿਕਾਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਛੱਤ 'ਤੇ ਗਈ ਅਤੇ ਛਾਲ ਮਾਰ ਦਿਤੀ। ਆਈਜੀ ਦਾ ਪਰਵਾਰ ਪਟੇਲ ਨਗਰ ਦੇ ਰੋਡ ਨੰਬਰ 8 ਵਿਖੇ ਰਹਿੰਦਾ ਹੈ। ਇਸ ਹਾਦਸੇ ਨਾਲ ਪਰਵਾਰ ਵਾਲੇ ਵੀ ਹੈਰਾਨ ਅਤੇ ਦੁਖੀ ਹਨ।  ਸਥਾਨਕ ਲੋਕਾਂ ਨੇ ਸਨਿਗਧਾ ਨੂੰ ਤੁਰਤ ਹਸਪਤਾਲ

ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿਤਾ। ਲੋਕਾਂ ਦਾ ਕਹਿਣਾ ਹੈ ਕਿ ਸਾਬਕਾ ਆਈਜੀ ਦੀ ਬੇਟੀ ਆਮ ਤੌਰ 'ਤੇ ਇਕ ਅਧਿਕਾਰੀ ਨਾਲ ਮੁਲਾਕਾਤ ਕਰਨ ਆਉਂਦੀ ਸੀ। ਪੁਲਿਸ ਨੂੰ ਹੁਣ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਹਾਦਸੇ ਵਾਲੀ ਥਾਂ ਤੋਂ ਇਕ ਮੋਬਾਈਲ ਬਰਾਮਦ ਕੀਤਾ ਹੈ। ਇਹ ਮਾਮਲਾ ਉੱਚ ਅਧਿਕਾਰੀਆਂ ਨਾਲ ਸਬੰਧਤ ਹੋਣ ਕਾਰਨ ਇਸ ਮਾਮਲੇ ਸਬੰਧੀ ਪੁਲਿਸ ਕੁਝ ਵੀ ਕਹਿਣ ਤੋਂ ਬਚ ਰਹੀ ਹੈ।