ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਤੇਲੰਗਾਨਾ ਸਰਕਾਰ ਨੇ ਬਣਾਈ SIT

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਨ ਚਾਰੇ ਮੁਲਜ਼ਮ

File Photo

ਹੈਦਰਾਬਾਦ : ਤੇਲੰਗਾਨਾ ਸਰਕਾਰ ਨੇ ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿੱਤ ਕਰ ਦਿੱਤੀ ਹੈ। ਐਸ.ਆਈ.ਟੀ ਦੀ ਅਗਵਾਈ ਰਾਚਕੋਂਡਾ ਦੇ ਪੁਲਿਸ ਕਮਿਸ਼ਨਰ ਮਹੇਸ਼ ਐਮ.ਭਾਗਵਤ ਕਰਨਗੇ। ਦੱਸ ਦਈਏ ਕਿ ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ ਅਤੇ ਹੱਤਿਆ ਦੇ 4 ਮੁਲਜ਼ਮਾਂ ਨੂੰ ਪੁਲਿਸ ਨੇ ਐਨਕਾਊਂਟਰ ਵਿਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਐਨਕਾਊਂਟਰ ਉੱਤੇ ਸਵਾਲ ਕੀਤੇ ਜਾਣ ਲੱਗੇ ਸਨ।

ਜ਼ਿਕਰਯੋਗ ਹੈ ਕਿ ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਅਤੇ ਕਾਤਲਾਂ ਮੁਹੰਮਦ ਆਰਿਫ਼,ਨਵੀਨ,ਸ਼ਿਵਾ ਅਤੇ ਚੇਨਾਕੇਸ਼ਾਵੁਲੂ ਬੀਤੀ 6 ਦਸੰਬਰ ਨੂੰ ਸ਼ਾਦਨਗਰ ਜਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮਕਾਬਲੇ ਦੌਰਾਨ ਮਾਰੇ ਗਏ ਸਨ। ਇਨ੍ਹਾਂ ਮੁਲਜ਼ਮਾਂ ਦੇ ਐਨਕਾਊਂਟਰ  ਵਿਚ ਮਾਰੇ ਜਾਣ ਦੀ ਘਟਨਾ ਦਾ ਦੇਸ਼ ਭਰ ਵਿਚ ਵੱਡੇ ਪੱਧਰ ਉੱਤੇ ਸਵਾਗਤ ਕੀਤਾ ਗਿਆ,  ਜਦਕਿ ਕਈਂ ਲੋਕਾਂ ਨੇ ਸਵਾਲ ਚੁੱਕੇ ਸਨ।

ਉੱਧਰ ਪ੍ਰੈਸ ਕਾਨਫਰੰਸ ਦੌਰਾਨ ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦੱਸਿਆ ਸੀ ਕਿ 6 ਦਸੰਬਰ ਦੀ ਸਵੇਰ 10 ਪੁਲਿਸ ਮੁਲਾਜ਼ਮਾਂ ਦੀ ਟੀਮ ਚਾਰੇ ਮੁਲਜ਼ਮਾਂ ਨੂੰ ਉਸੇ ਫਲਾਈਓਵਰ ਦੇ ਥੱਲੇ ਲੈ ਗਈ ਸੀ ਜਿੱਥੇ ਉਨ੍ਹਾਂ ਨੇ ਪੀੜਤਾ ਨੂੰ ਅੱਗ ਦੇ ਹਵਾਲੇ ਕੀਤਾ ਸੀ। ਇੱਥੇ ਕ੍ਰਾਈਮ ਸੀਨ ਰੀਕ੍ਰੀਏਟ ਕੀਤਾ ਜਾ ਰਿਹਾ ਸੀ।

ਇਸ ਦੌਰਾਨ ਮੁਹੰਮਦ ਆਰਿਫ਼ ਅਤੇ ਚੇਨਾਕੇਸ਼ਾਵੁਲੁ ਨੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਬੰਦੂਕਾਂ ਖੋਹ ਲਈਆਂ ਅਤੇ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ। ਮਹੁੰਮਦ ਆਰਿਫ਼ ਨੇ ਸੱਭ ਤੋਂ ਪਹਿਲਾਂ ਗੋਲੀ ਚਲਾਈ ਜਿਸ ਵਿਚ ਇਕ ਸਬ ਇੰਸਪੈਕਟਰ ਅਤੇ ਇਕ ਕਾਂਸਟੇਬਲ ਜਖ਼ਮੀ ਹੋ ਗਿਆ ਜਿਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿਚ ਚਾਰੇ ਮੁਲਜ਼ਮ ਮਾਰੇ ਗਏ ਸਨ।