ਬੁਰਕਾ ਪਹਿਨ ਕੇ ਨ੍ਰਿਤ ਕਰਨ ਬਦਲੇ ਕਾਲਜ ਦੇ ਚਾਰ ਵਿਦਿਆਰਥੀ ਮੁਅੱਤਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਹੋਈ ਭਾਰੀ ਆਲੋਚਨਾ  

Image

 

ਮੰਗਲੁਰੂ - ਮੰਗਲੁਰੂ ਵਿਖੇ ਇੱਕ ਇੰਜੀਨਿਅਰਿੰਗ ਕਾਲਜ ਦੇ ਚਾਰ ਵਿਦਿਆਰਥੀਆਂ ਨੂੰ ਬੁਰਕਾ ਪਹਿਨ ਕੇ ਇੱਕ ਬਾਲੀਵੁੱਡ ਆਈਟਮ ਗੀਤ 'ਤੇ ਕਥਿਤ ਤੌਰ 'ਤੇ ਨੱਚਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਵਿਰੁੱਧ ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀ ਹਰਕਤ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ।

ਇੱਥੇ ਸੇਂਟ ਜੋਸੇਫ਼ ਇੰਜੀਨਿਅਰਿੰਗ ਕਾਲਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਪਭੋਗਤਾਵਾਂ ਵੱਲੋਂ ਡਾਂਸ ਨੂੰ 'ਅਸ਼ਲੀਲ ਅਤੇ ਅਣਉਚਿਤ' ਕਰਾਰ ਦੇਣ ਤੋਂ ਬਾਅਦ ਕਾਲਜ ਪ੍ਰਬੰਧਨ ਨੇ ਵਿਦਿਆਰਥੀਆਂ ਵਿਰੁੱਧ ਇਹ ਕਾਰਵਾਈ ਕੀਤੀ ਹੈ।

ਕਾਲਜ ਪ੍ਰਿੰਸੀਪਲ ਰੀਓ ਡਿਸੂਜ਼ਾ ਨੇ ਦੱਸਿਆ ਕਿ ਮੈਨੇਜਮੈਂਟ ਨੇ ਮੁਸਲਿਮ ਭਾਈਚਾਰੇ ਤੋਂ ਆਏ ਇਨ੍ਹਾਂ ਵਿਦਿਆਰਥੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਮੁਤਾਬਿਕ ਕਾਲਜ ਦੇ ਪ੍ਰਬੰਧਕੀ ਬੋਰਡ ਨੇ ਅੰਦਰੂਨੀ ਜਾਂਚ ਤੋਂ ਬਾਅਦ ਇਹ ਫ਼ੈਸਲਾ ਲਿਆ।

ਕਾਲਜ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਵੀਡੀਓ ਵਿੱਚ ਜੋ ਨ੍ਰਿਤ ਨਜ਼ਰ ਆ ਰਿਹਾ ਹੈ, ਉਹ ਅਧਿਕਾਰਤ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਕੀਤਾ ਗਿਆ ਸੀ। ਕਾਲਜ, ਕੈਂਪਸ ਅੰਦਰ ਅਜਿਹੀ ਕਿਸੇ ਵੀ ਕਾਰਵਾਈ ਦਾ ਸਮਰਥਨ ਨਹੀਂ ਕਰਦਾ, ਜਿਸ ਨਾਲ ਵੱਖ-ਵੱਖ ਭਾਈਚਾਰਿਆਂ ਵਿਚਕਾਰਲੀ ਸਦਭਾਵਨਾ ਖ਼ਤਰੇ 'ਚ ਪੈਂਦੀ ਹੋਵੇ।

ਇਹ ਪ੍ਰੋਗਰਾਮ ਬੁੱਧਵਾਰ ਸ਼ਾਮ ਨੂੰ ਸਟੂਡੈਂਟ ਐਸੋਸੀਏਸ਼ਨ ਦੇ ਉਦਘਾਟਨ ਮੌਕੇ ਹੋਇਆ ਸੀ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਾਲਜ ਦੇ ਕੁਝ ਵਿਦਿਆਰਥੀ ਸਟੇਜ 'ਤੇ ਚੜ੍ਹ ਗਏ ਅਤੇ ਉਨ੍ਹਾਂ ਨੇ ਬੁਰਕੇ ਪਾ ਕੇ ਨ੍ਰਿਤ ਕੀਤਾ।

ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਆ ਗਿਆ, ਅਤੇ ਸੋਸ਼ਲ ਮੀਡੀਆ ਯੂਜ਼ਰਸ 'ਚ ਇਸ ਨੂੰ ਲੈ ਕੇ ਜ਼ੋਰਦਾਰ ਬਹਿਸ ਚੱਲ ਰਹੀ ਹੈ। ਵੀਡੀਓ ਕਲਿੱਪ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਈਆਂ ਨੇ ਇਸ ਕਾਰਵਾਈ ਨੂੰ ਮੁਸਲਿਮ ਔਰਤਾਂ ਦੁਆਰਾ ਪਰੰਪਰਾਗਤ ਰੂਪ 'ਚ ਪਹਿਨੇ ਜਾਣ ਵਾਲੇ ਪਹਿਰਾਵੇ ਦਾ 'ਮਜ਼ਾਕ' ਕਿਹਾ।

ਵੀਡੀਓ 'ਚ ਬੁਰਕਾ ਪਹਿਨੇ ਇਹ ਵਿਦਿਆਰਥੀ ਹਿੰਦੀ ਫ਼ਿਲਮ 'ਦਬੰਗ 2' ਦੇ ਗੀਤ 'ਫੈਵੀਕੋਲ ਸੇ' 'ਤੇ ਕਥਿਤ ਤੌਰ 'ਤੇ ਨ੍ਰਿਤ ਕਰਦੇ ਨਜ਼ਰ ਆ ਰਹੇ ਹਨ।

ਬਿਆਨ 'ਚ ਕਿਹਾ ਗਿਆ ਹੈ, ''ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ ਕਲਿੱਪ 'ਚ ਮੁਸਲਿਮ ਭਾਈਚਾਰੇ ਦੇ ਹੀ ਵਿਦਿਆਰਥੀਆਂ ਵੱਲੋਂ ਕੀਤੇ ਗਏ ਨ੍ਰਿਤ ਦਾ ਇਹ ਹਿੱਸਾ ਹੈ। ਇਹ ਵਿਦਿਆਰਥੀ ਸਟੂਡੈਂਟ ਐਸੋਸੀਏਸ਼ਨ ਦੇ ਉਦਘਾਟਨ ਦੇ ਗ਼ੈਰ-ਰਸਮੀ ਸੈਸ਼ਨ ਦੌਰਾਨ ਸਟੇਜ ’ਤੇ ਚੜ੍ਹ ਗਏ ਸਨ।"

ਬਿਆਨ ਵਿੱਚ ਕਿਹਾ ਗਿਆ ਹੈ, "ਇਹ ਕਿਸੇ ਪ੍ਰਵਾਨਿਤ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਅਤੇ ਇਸ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਕਾਲਜ ਕਿਸੇ ਵੀ ਅਜਿਹੀ ਗਤੀਵਿਧੀ ਦਾ ਸਮਰਥਨ ਜਾਂ ਉਸ ਨੂੰ ਮਾਫ਼ ਨਹੀਂ ਕਰਦਾ, ਜਿਸ ਨਾਲ ਭਾਈਚਾਰਿਆਂ ਵਿਚਕਾਰਲੀ ਸਦਭਾਵਨਾ ਨੂੰ ਨੁਕਸਾਨ ਪਹੁੰਚੇ, ਅਤੇ ਕਾਲਜ ਕੈਂਪਸ ਅੰਦਰ ਇਸ ਸੰਬੰਧ ਵਿੱਚ ਲਾਗੂ ਸਖ਼ਤ ਦਿਸ਼ਾ-ਨਿਰਦੇਸ਼ਾਂ ਬਾਰੇ ਸਾਰੇ ਜਾਣਦੇ ਹਨ।"