ਦਿੱਲੀ ਵੀ ਜਿਸ ਲਈ ਦੂਰ ਸੀ ਕਦੇ, ਉਸ ਕੁੜੀ ਨੂੰ ਅਮਰੀਕਾ ਨੇ ਬੁਲਾਇਆ
ਫਿਲਮ ਦੇ ਆਸਕਰ ਵਿਚ ਨਾਮਜ਼ਦ ਹੋਣ ਨਾਲ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਅੱਜ ਤੋਂ ਪਹਿਲਾਂ ਪਿੰਡ ਵਿਚੋਂ ਕੋਈ ਅਮਰੀਕਾ ਨਹੀਂ ਗਿਆ।
ਹਾਪੁੜ : ਔਰਤਾਂ ਦੀ ਸਿਹਤ ਸਬੰਧੀ ਜਾਗਰੂਕਤਾ ਨੂੰ ਲੈ ਕੇ ਬਣੀ ਫਿਲਮ 'ਪੀਰੀਅਡ-ਐਂਡ ਆਫ ਸਟੈਂਸ' ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਫਿਲਮ ਹਾਪੁੜ ਜ਼ਿਲ੍ਹੇ ਦੇ ਪਿੰਡ ਕਾਠੀ ਖੇੜਾ ਦੀ ਇਕ ਕੁੜੀ 'ਤੇ ਫਿਲਮਾਈ ਗਈ ਹੈ। ਇਹ ਕੁੜੀ ਅਪਣੀਆਂ ਸਹੇਲੀਆਂ ਦੇ ਨਾਲ ਮਿਲ ਕੇ ਅਪਣੇ ਹੀ ਪਿੰਡ ਵਿਚ ਸਬਲਾ ਮਹਿਲਾ ਉਦਯੋਗ ਸੰਮਤੀ ਵਿਚ ਸੈਨੇਟਰੀ ਪੈਡ ਬਣਾਉਂਦੀ ਹੈ।
ਇਹ ਪੈਡ ਪਿੰਡ ਦੀਆਂ ਔਰਤਾਂ ਦੇ ਨਾਲ ਨਾਰੀ ਸਸ਼ਕਤੀਕਰਨ ਦੇ ਲਈ ਕੰਮ ਕਰ ਰਹੀ ਸੰਸਥਾ ਐਕਸ਼ਨ ਇੰਡੀਆ ਨੂੰ ਵੀ ਸਪਲਾਈ ਕੀਤੇ ਜਾਂਦੇਂ ਹਨ। ਫਿਲਮ ਵਿਚ ਇਕ ਔਰਤ ਨੂੰ ਜਦ ਪੀਰੀਅਡ ਵਿਚ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਜਾਣਦੀ ਤਾਂ ਹਾਂ ਪਰ ਦੱਸਣ ਵਿਚ ਸ਼ਰਮ ਆਉਂਦੀ ਹੈ। ਜਦਕਿ ਇਹੋ ਸਵਾਲ ਇਕ ਹੋਰ ਕੁੜੀ ਨੂੰ ਪੁੱਛੇ ਜਾਣ 'ਤੇ ਦੱਸਿਆ ਕਿ ਸਕੂਲ ਵਿਚ ਘੰਟੀ ਵਜਦੀ ਹੈ ਤਾਂ ਉਸ ਨੂੰ ਪੀਰੀਅਡ ਕਹਿੰਦੇ ਹਾਂ।
ਛੋਟੇ ਕਿਸਾਨ ਰਾਜਿੰਦਰ ਦੀ 22 ਸਾਲਾ ਬੇਟੀ ਸਨੇਹ ਦਾ ਬਚਪਨ ਤੋਂ ਹੀ ਪੁਲਿਸ ਵਿਚ ਭਰਤੀ ਹੋਣ ਦਾ ਸੁਪਨਾ ਹੈ। ਉਹ ਹਾਪੁੜ ਤੋਂ ਅੱਗੇ ਕਦੇ ਸ਼ਹਿਰ ਵੀ ਨਹੀਂ ਗਈ। ਉਸ ਨੇ ਬੀਏ ਤੱਕ ਦੀ ਪੜ੍ਹਾਈ ਹਾਪੁੜ ਦੇ ਏਕੇਪੀ ਕਾਲਜ ਤੋਂ ਕੀਤੀ। ਇਸੇ ਦੌਰਾਨ ਸਨੇਹ ਦੀ ਭਾਬੀ ਸੁਮਨ ਜੋ ਕਿ ਐਕਸ਼ਨ ਇੰਡੀਆ ਲਈ ਕੰਮ ਕਰਦੀ ਸੀ, ਨੇ ਦੱਸਿਆ ਕਿ ਸੰਸਥਾ ਪਿੰਡ ਵਿਚ ਸੈਨੇਟਰੀ ਪੈਡ ਬਣਾਉਣ ਦੀ ਮਸ਼ੀਨ ਲਗਾਉਣ ਵਾਲੀ ਹੈ।
ਕੀ ਤੂੰ ਇਸ ਵਿਚ ਕੰਮ ਕਰੇਂਗੀ ਤਾਂ ਸਨੇਹ ਨੇ ਸੋਚਿਆ ਕਿ ਪੈਸੇ ਕਮਾ ਕੇ ਅਪਣੀ ਕੋਚਿੰਗ ਦੀ ਫੀਸ ਇਕੱਠੀ ਕਰ ਲਵਾਂਗੀ। ਮਾਂ ਉਰਮਿਲਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹਾਮੀ ਭਰ ਦਿਤੀ। ਪਿਤਾ ਨੂੰ ਦੱਸਿਆ ਗਿਆ ਕਿ ਸੰਸਥਾ ਬੱਚਿਆਂ ਦੇ ਡਾਈਪਰ ਬਣਾਉਣ ਦਾ ਕੰਮ ਕਰਦੀ ਹੈ। ਇਕ ਦਿਨ ਸੰਸਥਾ ਵੱਲੋਂ ਹਾਪੁੜ ਜ਼ਿਲ੍ਹੇ ਵਿਚ ਕੁਆਰਡੀਨੇਟਰ ਦਾ ਕੰਮ ਦੇਖਣ ਵਾਲੀ ਸ਼ਬਾਨਾ ਦੇ ਨਾਲ ਕੁਝ ਵਿਦੇਸ਼ੀ ਲੋਕ ਆਏ ਤਾਂ ਉਹਨਾਂ
ਦੱਸਿਆ ਕਿ ਔਰਤਾਂ ਦੇ ਪੀਰੀਅਡ ਵਿਸ਼ੇ ਨੂੰ ਲੈ ਕੇ ਇਕ ਫਿਲਮ ਬਣਾਉਣੀ ਹੈ। ਸਨੇਹ ਨੇ ਸੋਚਿਆ ਕਿ ਮੈਂ ਸ਼ਰਮਾ ਜਾਵਾਂਗੀ ਤਾਂ ਫਿਲਮ ਵਿਚ ਕਿਵੇਂ ਕੰਮ ਕਰਾਂਗੀ? ਮੈਂ ਹਾਂ ਕਰ ਦਿਤੀ। ਪਿੰਡ ਵਿਚ ਸ਼ੂਟਿੰਗ ਹੋਈ ਅਤੇ ਫਿਲਮ ਬਣ ਕੇ ਤਿਆਰ ਹੋ ਗਈ। ਸਾਲ ਬਾਅਦ ਪਤਾ ਲਗਾ ਕਿ ਇਸ ਫਿਲਮ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਸਨੇਹ ਦੱਸਦੀ ਹੈ ਕਿ ਆਸਕਰ ਬਾਰੇ ਸਿਰਫ ਸੁਣਿਆ ਸੀ।
ਉਹ ਉਤਸ਼ਾਹਿਤ ਵੀ ਹੈ 'ਤੇ ਡਰੀ ਹੋਈ ਵੀ ਹੈ। ਉਸ ਦੇ ਨਾਲ ਸਬਲਾ ਸੰਮਤੀ ਨੂੰ ਚਲਾਉਣ ਵਾਲੀ ਸੁਮਨ ਵੀ ਅਮਰੀਕਾ ਜਾ ਰਹੀ ਹੈ। ਸਨੇਹ ਦਾ ਸਪਨਾ ਉਂਝ ਅੱਜ ਵੀ ਪੁਲਿਸ ਵਿਚ ਭਰਤੀ ਹੋਣਾ ਹੀ ਹੈ। ਫਿਲਮ ਦੇ ਆਸਕਰ ਵਿਚ ਨਾਮਜ਼ਦ ਹੋਣ ਨਾਲ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਅੱਜ ਤੋਂ ਪਹਿਲਾਂ ਪਿੰਡ ਵਿਚੋਂ ਕੋਈ ਅਮਰੀਕਾ ਨਹੀਂ ਗਿਆ। ਸਬਲਾ ਸੰਮਤੀ ਨੂੰ ਚਲਾਉਣ ਵਾਲੀ ਸੁਮਨ ਦਸਵੀਂ ਤੱਕ ਪੜ੍ਹੀ ਹੈ।
ਸਾਲ 2017 ਵਿਚ ਔਰਤਾਂ ਦੇ ਰੁਜ਼ਗਾਰ ਲਈ ਨਿਰਦੇਸ਼ਕ ਗੌਰੀ ਚੌਧਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਅਰੁਣਾਚਲਮ ਮੁਰੁਗਨੰਤਨਮ ਦੀ ਬਣਾਈ ਹੋਈ ਮਸ਼ੀਨ ਲਗਾਉਣ ਦਾ ਪ੍ਰਬੰਧ ਕੀਤਾ। ਅੱਜ ਪਿੰਡ ਵਿਚ 7 ਕੁੜੀਆਂ ਰੋਜਾਨਾ 600 ਸੈਨੇਟਰੀ ਪੈਡ ਬਣਾਉਂਦੀਆਂ ਹਨ। ਜਿਸ ਫਿਲਮ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ ਉਹ ਸਿਰਫ 30 ਮਿੰਟ ਦੀ ਹੈ ਪਰ ਇਸ ਫਿਲਮ
ਵਿਚ ਕੁਝ ਅਜਿਹੇ ਦ੍ਰਿਸ਼ ਦਿਖਾਏ ਗਏ ਜੋ ਔਰਤਾਂ ਦੀ ਗੁਪਤਤਾ ਨਾਲ ਸਬੰਧ ਰੱਖਦੇ ਹਨ। ਫਿਲਮ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪਿੰਡ ਦੀਆਂ ਔਰਤਾਂ ਪੀਰੀਅਡ ਵੇਲ੍ਹੇ ਵਰਤੇ ਗਏ ਕਪੜੇ ਨੂੰ ਰਾਤ ਵੇਲ੍ਹੇ ਖੇਤਾਂ ਵਿਚ ਲੁਕੋ ਦਿੰਦੀਆਂ ਹਨ। ਦੱਸ ਦਈਏ ਕਿ ਪਿੰਡਾਂ ਵਿਚ ਅੱਜ ਵੀ ਔਰਤਾਂ ਅਪਣੀ ਸਿਹਤ ਪ੍ਰਤੀ ਜਾਗਰੂਕ ਨਹੀਂ ਹਨ। ਉਹ ਸੈਨੇਟਰੀ ਪੈਡ ਦੀ ਵਰਤੋਂ ਨਹੀਂ ਕਰਦੀਆਂ ਸਗੋਂ ਗੰਦੇ ਕਪੜੇ ਨੂੰ ਪੀਰੀਅਡ ਵੇਲ੍ਹੇ ਵਰਤਦੀਆਂ ਹਨ ਜੋ ਕਿ ਸਿਹਤ ਪੱਖੋਂ ਬਹੁਤ ਨੁਕਸਾਨਦਾਇਕ ਹੁੰਦਾ ਹੈ।