ਪ੍ਰਧਾਨ ਮੰਤਰੀ ਦੱਸਣ ਕਿ ਰਫਾਲ ਸੌਦੇ ਦਾ ਮਕਸਦ ਹਵਾਈ ਫ਼ੌਜ ਨੂੰ ਮਜ਼ਬੂਤ ਕਰਨਾ ਸੀ ਜਾਂ ਉਦਯੋਗਪਤੀ ਨੂੰ
ਮੋਦੀ ਰਾਫੇਲ ਨਾਲ ਸਿੱਧੇ ਤੌਰ 'ਤੇ ਜੁੜੇ ਸਨ ਅਤੇ ਮੋਦੀ ਨੇ ਆਪ ਹੀ ਰਾਫੇਲ ਦੀਆਂ ਕੀਮਤਾਂ ਅਤੇ ਇਸ ਦਾ ਠੇਕਾ ਕਿਸ ਨੂੰ ਦੇਣਾ ਹੈ ਜਿਹੇ ਮੁੱਦਿਆਂ 'ਤੇ ਫ਼ੈਸਲਾ ਲਿਆ।
ਮੁੰਬਈ : ਸ਼ਿਵਸੈਨਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਰਾਫੇਲ ਸੌਦਾ ਹਵਾਈ ਫ਼ੌਜ ਨੂੰ ਮਜ਼ਬੂਤ ਕਰਨ ਲਈ ਹੋਇਆ ਹੈ ਜਾਂ ਆਰਥਿਕ ਤੌਰ 'ਤੇ ਪਰੇਸ਼ਾਨ ਇਕ ਉਦਯੋਗਪਤੀ ਦੀ ਹਾਲਤ ਠੀਕ ਕਰਨ ਲਈ ? ਪਾਰਟੀ ਦੀ ਇਸ ਟਿੱਪਣੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ ਭਾਰਤ ਅਤੇ ਫਰਾਂਸ ਵਿਚਕਾਰ 59,000 ਕਰੋੜ
ਰੁਪਏ ਦੇ ਰਾਫੇਲ ਸੌਦੇ ਨੂੰ ਲੈ ਕੇ ਗੱਲਬਾਤ ਦੌਰਾਨ ਪੀਐਮਓ ਵਾਲੋਂ ਕੀਤੀ ਗਏ ਵਿਚਾਰ ਵਟਾਂਦਰੇ 'ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ। ਸ਼ਿਵਸੈਨਾ ਦੀ ਮੁੱਖ ਅਖਬਾਰ ਸਾਮਨਾ ਦੀ ਸੰਪਾਦਕੀ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਸੰਸਦ ਵਿਚ ਦੇਸ਼ਭਗਤੀ 'ਤੇ ਭਾਸ਼ਣ ਦਿਤਾ ਅਤੇ ਇਸ ਸੌਦੇ ਦਾ ਬਚਾਅ ਕੀਤਾ ਪਰ ਅਗਲੇ ਹੀ ਦਿਨ ਇਸ ਦਾ ਸੱਚ ਸਾਹਮਣੇ ਆ ਗਿਆ, ਜਿਸ ਨੇ ਦੇਸ਼ਭਗਤੀ ਦੇ ਨਾਅਰੇ ਲਗਾਏ ਅਤੇ
ਸਦਨ ਵਿਚ ਤਾਲੀ ਵਜਾਉਣ ਵਾਲੇ ਲੋਕਾਂ ਨੂੰ ਚੁੱਪ ਕਰਵਾ ਦਿਤਾ। ਕਾਂਗਰਸ ਮੁਖੀ ਰਾਹੁਲ ਗਾਂਧੀ ਵੱਲੋਂ ਰਾਫੇਲ ਨੂੰ ਲੈ ਕੇ ਸਰਕਾਰ ਦੀ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਦਾ ਜ਼ਿਕਰ ਕਰਦੋ ਹੋਏ ਉਧਵ ਠਾਕਰੇ ਦੀ ਅਗਵਾਈ ਵਾਲੀ ਇਸ ਪਾਰਟੀ ਨੇ ਇਹ ਵੀ ਪੁੱਛਿਆ ਕਿ ਇਸ ਲਈ ਵਿਰੋਧੀ ਧਿਰ ਨੂੰ ਕਿਉਂ ਦੋਸ਼ੀ ਠਹਿਰਾਉਣਾ ਚਾਹੀਦਾ ਹੈ। ਸ਼ਿਵਸੈਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ
ਵਾਰ-ਵਾਰ ਇਲਜ਼ਾਮ ਲਗਾਇਆ ਕਿ ਕਾਂਗਰਸ ਰੱਖਿਆ ਸੇਵਾਵਾਂ ਨੂੰ ਮਜ਼ਬੂਤ ਨਹੀਂ ਕਰਨਾ ਚਾਹੁੰਦੀ ਅਤੇ ਅਗਲੇ ਹੀ ਦਿਨ ਆਈ ਇਸ ਖ਼ਬਰ ਤੋਂ ਇਹ ਪਤਾ ਲਗਦਾ ਹੈ ਕਿ ਇਸ ਸੌਦੇ ਵਿਚ ਮੋਦੀ ਦੀ ਨਿਜੀ ਦਿਲਚਸਪੀ ਕਿੰਨੀ ਵੱਧ ਸੀ। ਇਸ ਦਾ ਕੀ ਮਤਲਬ ਕੱਢਿਆ ਜਾਵੇ? ਪਾਰਟੀ ਨੇ ਕਿਹਾ ਕਿ ਮੋਦੀ ਰਾਫੇਲ ਨਾਲ ਸਿੱਧੇ ਤੌਰ 'ਤੇ ਜੁੜੇ ਸਨ ਅਤੇ ਮੋਦੀ ਨੇ ਆਪ ਹੀ ਰਾਫੇਲ ਦੀਆਂ
ਕੀਮਤਾਂ ਅਤੇ ਇਸ ਦਾ ਠੇਕਾ ਕਿਸ ਨੂੰ ਦੇਣਾ ਹੈ ਜਿਹੇ ਮੁੱਦਿਆਂ 'ਤੇ ਫ਼ੈਸਲਾ ਲਿਆ। ਇਸ ਲਈ ਉਹਨਾਂ ਨੂੰ ਹੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਸੰਸਦ ਵਿਚ ਕਿਹਾ ਸੀ ਕਿ ਵਿਰੋਧੀ ਧਿਰ ਇਸ ਮੁੱਦੇ 'ਤੇ ਉਹਨਾਂ ਦੀ ਅਤੇ ਭਾਜਪਾ ਦੀ ਆਲੋਚਨਾ ਕਰ ਸਕਦਾ ਹੈ ਪਰ ਦੇਸ਼ ਦੀ ਨਹੀਂ। ਸ਼ਿਵਸੈਨਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕਿ ਭਾਜਪਾ ਨੀਤ ਸਰਕਾਰ ਦੇ ਸ਼ਾਸਨਕਾਲ ਵਿਚ ਰਾਸ਼ਟਰਵਾਦ ਅਤੇ ਦੇਸ਼ਭਗਤੀ ਦੇ ਅਰਥ ਹੀ ਬਦਲ ਗਏ ਹਨ।