ਯੂਪੀਐਸਸੀ ਦੀ ਇੰਟਰਵਿਊ 'ਚ  ਫੇਲ੍ਹ ਹੋਣ ਵਾਲੇ ਨੂੰ ਵੀ ਮਿਲੇਗੀ ਸਰਕਾਰੀ ਨੋਕਰੀ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਪੀਐਸਸੀ ਨਵਾਂ ਨਿਯਮ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ, ਜਿਥੇ ਇੰਟਰਵਿਊ ਵਿਚ ਫੇਲ੍ਹ ਹੋਏ ਉਮੀਦਵਾਰਾਂ ਨੂੰ ਦੂਜੀ ਸਰਕਾਰੀ ਨੌਕਰੀ ਦਿਤੀ ਜਾਵੇਗੀ।

UPCS

ਨਵੀਂ ਦਿੱਲੀ : ਯੂਪੀਐਸਸੀ ਦੀ ਪਰੀਖਿਆ ਸੱਭ ਤੋਂ ਮੁਸ਼ਕਲ ਪ੍ਰੀਖਿਆਵਾਂ ਵਿਚੋਂ ਇਕ ਮੰਨੀ ਜਾਂਦੀ ਹੈ। ਦਿਨ ਰਾਤ ਦੀ ਮਿਹਨਤ ਅਤੇ ਪੜ੍ਹਾਈ ਕਰਨ ਤੋਂ ਬਾਅਦ ਉਮੀਦਵਾਰ ਪ੍ਰਾਈਮਰੀ ਅਤੇ ਮੁੱਖ ਪ੍ਰੀਖਿਆ ਤਾਂ ਪਾਸ ਕਰ ਲੈਂਦੇ ਹਨ। ਪਰ ਜਦ ਵਾਰੀ ਆਉਂਦੀ ਹੈ ਇੰਟਰਵਿਊ ਦੀ ਤਾਂ ਉਸ ਵਿਚ ਦੋ ਤਿਹਾਈ ਫੇਲ੍ਹ ਹੋ ਜਾਂਦੇ ਹਨ। ਅਜਿਹੇ ਵਿਚ ਉਮੀਦਵਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਯੂਪੀਐਸਸੀ ਨਵਾਂ ਨਿਯਮ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ,

ਜਿਥੇ ਇੰਟਰਵਿਊ ਵਿਚ ਫੇਲ੍ਹ ਹੋਏ ਉਮੀਦਵਾਰਾਂ ਨੂੰ ਦੂਜੀ ਸਰਕਾਰੀ ਨੌਕਰੀ ਦਿਤੀ ਜਾਵੇਗੀ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਕੇਂਦਰੀ ਮੰਤਰਾਲਿਆਂ ਅਤੇ ਏਜੰਸੀਆਂ ਨੂੰ ਸਿਵਲ ਸੇਵਾ ਪ੍ਰੀਖਿਆ ਦੇ ਉਹਨਾਂ ਉਮੀਦਵਾਰਾਂ ਨੂੰ ਭਰਤੀ ਕਰਨ ਦੀ ਸਿਫਾਰਸ਼ ਕੀਤੀ ਹੈ ਜੋ ਇੰਟਰਵਿਊ ਵਿਚ ਕਾਮਯਾਬ ਨਹੀਂ ਹੋ ਪਾਉਂਦੇ। ਜੇਕਰ ਅਜਿਹਾ ਹੁੰਦਾ ਹੈ ਤਾਂ ਨੌਜਵਾਨਾਂ ਲਈ ਬਿਹਤਰ ਰੁਜ਼ਗਾਰ ਦੇ ਮੌਕੇ ਹਾਸਲ ਹੋ ਸਕਦੇ ਹਨ।

ਯੂਪੀਐਸਸੀ ਮੁਖੀ ਅਰਵਿੰਦ ਸਕਸੈਨਾ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅਤੇ ਮੰਤਰਾਲਿਆਂ ਨੂੰ ਅਜਿਹੇ ਲੋਕਾਂ ਦੀ ਭਰਤੀ ਕਰਨ ਦਾ ਮਤਾ ਦਿਤਾ ਹੈ ਜੋ ਸਿਵਲ ਸੇਵਾ ਅਤੇ ਹੋਰਨਾਂ ਪ੍ਰੀਖਿਆਵਾਂ ਵਿਚ ਇੰਟਰਵਿਊ ਰਾਉਂਡ ਵਿਚ ਫੇਲ੍ਹ ਹੋ ਜਾਂਦੇ ਹਨ। ਇਹ ਗੱਲ ਉਹਨਾਂ ਨੇ ਉਡੀਸ਼ਾ ਵਿਚ ਕਰਵਾਏ ਰਾਜ ਲੋਕ ਸੇਵਾ ਆਯੋਗ ਦੀ 23ਵੀਂ ਕਾਨਫੰਰਸ ਵਿਚ ਕਹੀ ।

ਅਰਵਿੰਦ ਸਕਸੈਨਾ ਨੇ ਦੱਸਿਆ ਕਿ 1 ਸਾਲ ਵਿਚ ਲਗਭਗ 11 ਲੱਖ ਉਮੀਦਵਾਰ ਯੂਪੀਐਸਸੀ ਦੀ ਪਰੀਖਿਆ ਵਿਚ ਹਿੱਸਾ ਲੈਂਦੇ ਹਨ। ਫਿਰ ਮੁਢੱਲੀ ਅਤੇ ਮੁੱਖ ਅਤੇ ਫਿਰ ਇੰਟਰਵਿਊ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 600 ਉਮੀਦਵਾਰਾਂ ਨੂੰ ਚੁਣਿਆ ਜਾਂਦਾ ਹੈ। ਵੱਡੀ ਗਿਣਤੀ ਵਿਚ ਕੁੱਝ ਅਜਿਹੇ ਉਮੀਦਵਾਰ ਵੀ ਹਨ ਜੋ ਵਾਈਵਾ ਵਾਇਸ ਦੇ ਆਖਰੀ ਪੜਾਅ ਤੱਕ ਪਹੁੰਚ ਜਾਂਦੇ ਹਨ

ਪਰ ਰੈਂਕ ਲਿਆਉਣ ਵਿਚ ਕਾਮਯਾਬ ਨਹੀਂ ਹੋ ਪਾਉਂਦੇ। ਸਰਕਾਰ ਅਤੇ ਹੋਰ ਸੰਗਠਨ ਭਰਤੀ ਦੌਰਾਨ ਉਹਨਾਂ 'ਤੇ ਵਿਚਾਰ ਕਰ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰੀਖਿਆ ਦੇ ਤਣਾਅ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀ ਉਹਨਾਂ ਦੇ ਮਨ ਵਿਚ ਨੌਕਰੀ ਦੀ ਆਸ ਵੀ ਬਣੀ ਰਹੇਗੀ। ਇਸ ਤੋਂ ਇਲਾਵਾ ਅਰਵਿੰਦ ਸਕਸੈਨਾ ਨੇ ਕਿਹਾ ਕਿ ਯੂਪੀਐਸਸੀ ਦੀ ਪ੍ਰੀਖਿਆ ਲਈ ਅਰਜ਼ੀ ਭੇਜਣ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਵਾਪਸ ਲੈਣ ਦਾ ਵਿਕਲਪ ਵੀ ਦਿਤਾ ਜਾਵੇਗਾ।