''ਭਾਰਤੀ ਨਾਗਰਿਕਤਾ ਮਿਲੇ ਤਾਂ ਅੱਧਾ ਬੰਗਲਾਦੇਸ਼ ਖ਼ਾਲੀ ਹੋ ਜਾਵੇਗਾ''

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਰਾਜ ਮੰਤਰੀ ਜੈ ਕਿਸ਼ਨ ਰੈਡੀ ਨੇ ਕਿਹਾ ਕਿ ਜੇ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇ ਤਾਂ ਉਥੋਂ ਦੀ ਆਬਾਦੀ ਅੱਧੀ...

File Photo

ਹੈਦਰਾਬਾਦ : ਕੇਂਦਰੀ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਜੇ ਬੰਗਲਾਦੇਸ਼ ਦੇ ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇ ਤਾਂ ਉਥੋਂ ਦੀ ਆਬਾਦੀ ਅੱਧੀ ਰਹਿ ਜਾਵੇਗੀ। ਸੰਤ ਰਵੀਦਾਸ ਜਯੰਤੀ ਮੌਕੇ ਹੋਏ ਸਮਾਗਮ ਵਿਚ ਰੈਡੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖ਼ਰ ਰਾਉ ਨੂੰ ਇਹ ਸਾਬਤ ਕਰਨ ਦੀ ਚੁਨੌਤੀ ਦਿਤੀ ਕਿ ਸੋਧਿਆ ਹੋਇਆ ਨਾਗਰਿਕਤਾ ਕਾਨੂੰਨ ਕਿਸ ਤਰ੍ਹਾਂ ਭਾਰਤ ਦੀ 130 ਕਰੋੜ ਆਬਾਦੀ ਵਿਰੁਧ ਹੈ।

ਉਨ੍ਹਾਂ ਕਿਹਾ, 'ਜੇ ਬੰਗਲਾਦੇਸ਼ੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਕੀਤੀ ਜਾਵੇ ਤਾਂ ਅੱਧਾ ਬੰਗਲਾਦੇਸ਼ ਖ਼ਾਲੀ ਹੋ ਜਾਵੇਗਾ। ਜੇ ਉਨ੍ਹਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਜਾਵੇ ਤਾਂ ਅੱਧੇ ਬੰਗਲਾਦੇਸ਼ੀ ਭਾਰਤ ਚਲੇ ਆਉਣਗੇ। ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ, ਕੇਸੀਆਰ ਜਾਂ ਰਾਹੁਲ ਗਾਂਧੀ?

ਉਨ੍ਹਾਂ ਕਿਹਾ, 'ਉਹ ਘੁਸਪੈਠੀਆਂ ਲਈ ਨਾਗਰਿਕਤਾ ਚਾਹੁੰਦੇ ਹਨ। ਜੇ ਸੀਏਏ ਵਿਚ 130 ਕਰੋੜ ਭਾਰਤੀਆਂ ਵਿਰੁਧ ਇਕ ਸ਼ਬਦ ਵੀ ਹੈ ਤਾਂ ਭਾਰਤ ਸਰਕਾਰ ਇਸ ਦੀ ਸਮੀਖਿਆ ਲਈ ਤਿਆਰ ਹੈ ਪਰ ਪਾਕਿਸਤਾਨੀ ਜਾਂ ਬੰਗਲਾਦੇਸ਼ੀ ਮੁਸਲਮਾਨਾਂ ਲਈ ਨਹੀਂ।' ਉਨ੍ਹਾਂ ਕਿਹਾ ਕਿ ਕੁੱਝ ਰਾਜਸੀ ਪਾਰਟੀਆਂ ਬੰਗਲਾਦੇਸ਼, ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦੇਣ ਦੀ ਮੰਗ ਕਰ ਰਹੀਆਂ ਹਨ।

ਦੱਸ ਦਈਏ ਕਿ ਸੋਧ ਕੀਤੇ ਨਾਗਰਿਕਤਾ ਕਾਨੂੰਨ ਅਨੁਸਾਰ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਧਾਰਮਿਕ ਤੌਰ 'ਤੇ ਯਾਤਨਾਵਾਂ ਝੱਲ ਕੇ ਆਏ ਹਿੰਦੂ,ਸਿੱਖ, ਈਸਾਈ, ਜੈਨ, ਪਾਰਸੀ ਅਤੇ ਬੁੱਧ ਧਰਮ ਦੇ ਲੋਕਾਂ ਨੂੰ ਅਸਾਨੀ ਨਾਲ ਭਾਰਤ ਦੀ ਨਾਗਰਿਕਤਾ ਮਿਲ ਸਕੇਗੀ। ਇਸ ਵਿਚ ਮੁਸਲਮਾਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ ਅਤੇ ਕਈ ਸੰਗਠਨਾਂ ਵੱਲੋਂ ਇਸ ਕਾਨੂੰਨ ਨੂੰ ਧਰਮ ਦੇ ਅਧਾਰ ਉੱਤੇ ਵੰਡਣ ਵਾਲਾ ਕਾਨੂੰਨ ਦੱਸਿਆ ਜਾ ਰਿਹਾ ਹੈ।