ਨਾਗਪੁਰ 'ਚ ਬੈਠਾ ਖ਼ਾਕੀ ਨਿੱਕਰਧਾਰੀ ਸਾਡੀ ਨਾਗਰਿਕਤਾ ਦਾ ਫ਼ੈਸਲਾ ਨਹੀਂ ਕਰ ਸਕਦਾ : ਸਵਰਾ ਭਾਸਕਰ

ਏਜੰਸੀ

ਖ਼ਬਰਾਂ, ਰਾਜਨੀਤੀ

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਇੰਦੌਰ ਵਿਚ ਸੀਏਏ ਦੇ ਵਿਰੋਧ ....

Photo

ਇੰਦੌਰ : ਦੇਸ਼ ਭਰ ਵਿਚ ਕਈ ਥਾਵਾਂ 'ਤੇ ਨਾਗਰਿਕਤਾ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਇੰਦੌਰ ਵਿਚ ਸੀਏਏ ਦੇ ਵਿਰੋਧ ਵਿਚ ਕੀਤੀ ਗਈ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਅਤੇ ਆਰਐਸਐਸ 'ਤੇ ਜਮ ਕੇ ਨਿਸ਼ਾਨੇ ਸਾਧੇ। ਸਵਰਾ ਨੇ ਆਰਐਸਐਸ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਇੱਥੋਂ ਤਕ ਆਖ ਦਿੱਤਾ ਕਿ ਨਾਗਪੁਰ ਵਿਚ ਬੈਠੇ ਖ਼ਾਕੀ ਨਿੱਕਰਾਂ ਵਾਲੇ ਸਾਡੀ ਨਾਗਰਿਕਤਾ ਦਾ ਫ਼ੈਸਲਾ ਨਹੀਂ ਕਰ ਸਕਦੇ।

ਨਾਗਰਿਕਾ ਕਾਨੂੰਨ ਨੂੰ ਲੈ ਕੇ ਸਵਰਾ ਭਾਸਕਰ ਵੱਲੋਂ ਦਿੱਤੇ ਗਏ ਇਸ ਕ੍ਰਾਂਤੀਕਾਰੀ ਭਾਸ਼ਣ ਨੂੰ ਸੁਣ ਕੇ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ। ਇਸ ਮੌਕੇ ਬੋਲਦਿਆਂ ਸਵਰਾ ਭਾਸਕਰ ਨੇ ਅਪਣੇ ਦਮਦਾਰ ਵਿਚ ਭਾਸ਼ਣ ਵਿਚ ਕਿਹਾ ਕਿ “ਹਿੰਦੁਸਤਾਨ ਕਿਸੇ ਇਕ ਦੇ ਪਿਓ ਦਾ ਨਹੀਂ ਸਗੋਂ ਸਾਡਾ ਸਭ ਦਾ ਸਾਂਝਾ ਹੈ ਤੇ ਸਾਡੀ ਇਸ ਨਾਗਰਿਕਤਾ ਦਾ ਫ਼ੈਸਲਾ ਨਾਗਪੁਰ ਵਿਚ ਬੈਠੇ ਖ਼ਾਕੀ ਨਿੱਕਰਾਂ ਵਾਲੇ ਨਹੀਂ ਕਰ ਸਕਦੇ। ਸਵਰਾ ਨੇ ਕਿਹਾ ਕਿ ਸਾਨੂੰ ਇਹ ਨਾਗਰਿਕਤਾ ਸਾਡੀ ਮਿੱਟੀ ਨੇ ਦਿੱਤੀ ਹੈ, ਸਾਡੇ ਸੰਵਿਧਾਨ ਨੇ ਦਿੱਤੀ ਹੈ ਤੇ ਸਾਡੇ ਅੰਦਰ ਵਹਿੰਦੇ ਖ਼ੂਨ ਨੇ ਦਿੱਤੀ ਹੈ

ਸਵਰਾ ਇੱਥੇ ਹੀ ਨਹੀਂ ਰੁਕੀ, ਉਸ ਨੇ ਇਹ ਵੀ ਕਿਹਾ ਕਿ ਨਾਗਪੁਰ ਵਿਚ ਬੈਠੇ ਲੋਕ ਸਿਰਫ਼ ਨਫ਼ਰਤ ਨੂੰ ਫੈਲਾਉਣ ਵਿਚ ਲੱਗੇ ਹੋਏ ਹਨ, ਨਫ਼ਰਤ ਦਾ ਵਪਾਰ ਕਰ ਰਹੇ ਹਨ। ਇਹ ਨਫ਼ਰਤ ਸਿਰਫ਼ ਆਮ ਵਰਗ ਦੇ ਭਾਈਚਾਰੇ ਵਿਚ ਫ਼ੈਲ ਰਹੀ ਹੈ। ਸਵਰਾ ਨੇ ਅੱਗੇ ਕਿਹਾ ਕਿ ਇਹ ਲੋਕ ਅਪਣੇ ਬੱਚਿਆਂ ਨੂੰ ਤਾਂ ਵਿਦੇਸ਼ਾਂ ਵਿਚ ਪੜ੍ਹਨ ਲਈ ਭੇਜ ਰਹੇ ਹਨ ਜਦਕਿ ਸਾਡੇ ਬੱਚਿਆਂ ਦੇ ਹੱਥਾਂ ਵਿਚ ਬੰਦੂਕਾਂ ਅਤੇ ਕੱਟੇ ਫੜਾ ਰਹੇ ਹਨ।  ਦੇਸ਼ ਦੀ ਜਨਤਾ ਨੂੰ ਧਰਮ ਦੇ ਨਾਂਅ 'ਤੇ ਵੱਖ ਕਰ ਕੇ ਫ਼ਸਾਦੀ ਬਿਰਤੀ ਨੂੰ ਉਜਾਗਰ ਕੀਤਾ ਜਾ ਰਿਹਾ ਹੈ।

ਸਵਰਾ ਨੇ ਇੰਦੌਰ ਵਿਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਜਿਨਾਹ ਨੂੰ ਇਸ ਦੁਨੀਆਂ ਤੋਂ ਗਏ ਹੋਏ ਕਈ ਅਰਸੇ ਬੀਤ ਗਏ ਹਨ ਪਰ ਇਹ ਕੌਣ ਲੋਕ ਹਨ ਜੋ ਜਿਨਾਹ ਪ੍ਰੇਮੀ ਹਨ ਅਤੇ ਜਿਨਾਹ ਵਾਂਗ ਦੇਸ਼ ਦੇ ਟੁਕੜੇ ਕਰਨ ਵਿਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਸਵਰਾ ਨੇ ਮੱਧ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਕੈਲਾਸ਼ ਵਿਜੈ ਵਰਗੀਆ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਜੈ ਵਰਗੀਆ ਸਾਬ੍ਹ ਖ਼ੁਦ ਤਾਂ ਪੋਹਾ ਜਲੇਬੀ ਖਾ ਕੇ ਵੱਡੇ ਹੋਏ ਹਨ ਪਰ ਹੁਣ ਉਨ੍ਹਾਂ ਨੂੰ ਪੋਹਾ ਬੰਗਲਾਦੇਸ਼ੀ ਲੱਗਣ ਲੱਗ ਪਿਆ ਹੈ। ਉਸ ਨੇ ਇਹ ਵੀ ਕਿਹਾ ਕਿ ਜੋ ਲੋਕ ਸਾਡੀ ਨਾਗਰਿਕਤਾ ਦੇ ਸਬੂਤ ਮੰਗ ਰਹੇ ਹਨ ਪਹਿਲਾਂ ਉਨ੍ਹਾਂ ਨੂੰ ਅਪਣੇ ਕਾਗਜ਼ ਦਿਖਾਉਣੇ ਹੋਣਗੇ।

ਇਸ ਤੋਂ ਇਲਾਵਾ ਸਵਰਾ ਨੇ ਮੋਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੂੰ ਪਾਕਿਸਤਾਨ ਨਾਲ ਇਕ ਤਰਫ਼ਾ ਪਿਆਰ ਹੋ ਗਿਆ ਹੈ। ਇੰਨਾ ਤਾਂ ਮੇਰੀ ਨਾਨੀ ਹਨੂੰਮਾਨ ਚਾਲੀਸਾ ਨਹੀਂ ਪੜ੍ਹਦੀ ਸੀ, ਜਿੰਨਾ ਮੋਦੀ ਸਰਕਾਰ ਪਾਕਿਸਤਾਨ ਦਾ ਨਾਮ ਲੈਂਦੀ ਹੈ। ਉਸ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਤਾਂ ਸਰਕਾਰ ਪਾਕਿਸਤਾਨੀ ਕਲਾਕਾਰ ਅਦਨਾਨ ਸਾਮੀ ਨੂੰ ਦੇਸ਼ ਦੀ ਨਾਗਰਿਕਤਾ ਦੇ ਰਹੀ ਹੈ ਅਤੇ ਫਿਰ ਉਸ ਨੂੰ ਪਦਮਸ੍ਰੀ ਨਾਲ ਵੀ ਨਿਵਾਜ਼ ਦਿੱਤਾ ਪਰ ਸਾਡੇ 'ਤੇ ਡਾਂਗਾਂ ਵਰਸਾਈਆਂ ਜਾ ਰਹੀਆਂ ਹਨ, ਸਾਡੇ ਜੁੱਤੀਆਂ ਮਾਰੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਸਵਰਾ ਭਾਸਕਰ ਦਾ ਇਹ ਭਾਸ਼ਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲੇ ਲੋਕਾਂ ਵੱਲੋਂ ਕੁਮੈਂਟਾਂ ਜ਼ਰੀਏ ਸਵਰਾ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ ਅਤੇ ਉਸ ਨੂੰ 'ਭਾਰਤ ਦੀ ਸ਼ੇਰਨੀ' ਤਕ ਆਖਿਆ ਜਾ ਰਿਹਾ ਹੈ।