‘ਨਹਿਰੂ ਨੇ ਕੀਤਾ ਸੀ ਪਾਕਿ ਤੋਂ ਆਉਣ ਵਾਲੇ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਾਅਵਾ

Photo

ਨਵੀਂ ਦਿੱਲੀ: ਭਾਜਪਾ ਦੇ ਸੀਨੀਅਰ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪਾਕਿਸਤਾਨ ਤੋਂ ਆਉਣ ਵਾਲੇ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਸੀ। ਪਰ ਹੁਣ ਕਾਂਗਰਸ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਉਹ ਸ਼ਾਹੀਨ ਬਾਗ ਵਿਚ ਅਪਣੇ ਵੋਟ ਬੈਂਕ ਨੂੰ ਲੈ ਕੇ ਡਰ ਗਈ ਹੈ।

ਰਾਜਿੰਦਰ ਨਗਰ ਤੋਂ ਭਾਜਪਾ ਉਮੀਦਵਾਰ ਆਰ ਪੀ ਸਿੰਘ ਦੇ ਸਮਰਥਨ ਵਿਚ ਇਕ ਚੋਣ ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 8 ਫਰਵਰੀ ਦੀਆਂ ਚੋਣਾਂ ਵਿਧਾਨ ਸਭਾ ਮੈਂਬਰਾਂ ਅਤੇ ਮੁੱਖ ਮੰਤਰੀ ਦੀ ਚੋਣ ਕਰਨ ਲਈ ਨਹੀਂ ਬਲਕਿ ਦੋ ਵਿਚਾਰਧਾਰਾਵਾਂ ਵਿਚ ਮੁਕਾਬਲਾ ਹੈ। ਗ੍ਰਹਿ ਮੰਤਰੀ ਨੇ ਕਿਹਾ, ‘ ਇਕ ਪਾਸੇ ਉਹ ਲੋਕ ਹਨ ਜੋ ਸ਼ਾਹੀਨ ਬਾਗ ਦੇ ਨਾਲ ਖੜ੍ਹੇ ਹਨ ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਪਾਕਿਸਤਾਨ ਵਿਚ ਗਏ ਅਤੇ ਸਾਡੇ ਸੈਨਿਕਾਂ ਦੀ ਮੌਤ ਦਾ ਬਦਲਾ ਲਿਆ’।

ਸ਼ਾਹ ਨੇ ਸੀਏਏ ਦੇ ਮੁੱਦੇ ‘ਤੇ ਕਿਹਾ, ‘ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਜ਼ਾਦ ਨੇ ਪਾਕਿਸਤਾਨੀ ਘੱਟ ਗਿਣਤੀਆਂ ਦੇ ਕਦੀ ਵੀ ਭਾਰਤ ਆਉਣ ‘ਤੇ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਸੀ’ ਉਹਨਾਂ ਨੇ ਕਿਹਾ ਕਿ ਕਾਂਗਰਸ ਨਾਗਰਿਕਤਾ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਸ਼ਾਹੀਨ ਬਾਗ ਵਿਚ ਅਪਣੀਆਂ ਵੋਟਾਂ ਖੋਣ ਦਾ ਡਰ ਹੈ।

ਅਮਿਤ ਸ਼ਾਹ ਨੇ ਇਲਜ਼ਾਮ ਲਗਾਇਆ ਕਿ ਆਪ ਸਰਕਾਰ ਉਹਨਾਂ ਲੋਕਾਂ ਨੂੰ ਬਚਾ ਰਹੀ ਹੈ, ਜਿਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਦੇਸ਼ ਵਿਰੋਧੀ ਨਾਅਰੇ ਲਗਾਏ ਸੀ। ਅਮਿਤ ਸ਼ਾਹ ਨੇ ਕੇਜਰੀਵਾਲ ‘ਤੇ ਇਲਜ਼ਾਮ ਲਗਾਇਆ ਕਿ, ‘ਕੇਜਰੀਵਾਲ ਨੇ ਬੱਸਾਂ ਵਿਚ ਕਮਾਂਡੋ ਤੈਨਾਤ ਕਰਨ ਦਾ ਵਾਅਦਾ ਕੀਤਾ ਸੀ। ਪਰ ਉਹਨਾਂ ਨੇ ਕਮਾਂਡੋ ਦੀ ਵਰਦੀ ਆਪ ਵਰਕਰਾਂ ਨੂੰ ਪਹਿਨਾ ਦਿੱਤੀ’।