ਮੈਨੂੰ ਸ਼ੱਕ ਕਿ ਭਾਜਪਾ ਸ਼ਾਂਤੀ ਨਹੀਂ ਜੰਗ ਚਾਹੁੰਦੀ ਹੈ : ਚਿਦੰਬਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਸੰਵਿਧਾਨਕ ਵਿਵਸਥਾਵਾਂ ਨੂੰ ਖ਼ਤਮ ਕਰਨ ਦਾ ਸੁਝਾਅ ਦੇਣਾ ਜੰਮੂ ਕਸ਼ਮੀਰ ਵਿਚ ਵੱਡੀ ਤਬਾਹੀ ਦੇ ਬੀਜ ਬੀਜ ਸਕਦਾ ਹੈ

P. Chidambaram

ਸ਼ਿਵਗੰਗਾ : ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਭਾਜਪਾ ਸ਼ਾਂਤੀ ਨਹੀਂ, ਜੰਗ ਚਾਹੁੰਦੀ ਹੈ। ਉਨ੍ਹਾਂ ਭਗਵਾਂ ਪਾਰਟੀ ਵਿਰੁਧ ਅਪਣੇ ਚੋਣ ਮਨੋਰਥ ਪੱਤਰ ਵਿਚ ਕਥਿਤ ਰਾਸ਼ਟਰ ਸੁਰੱਖਿਆ 'ਤੇ ਸਖ਼ਤ ਰੁਖ਼ ਅਪਣਾਉਣ ਦੀ ਗੱਲ ਕਹਿ ਕੇ ਅਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਢਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। 

ਚਿਦੰਬਰਮ ਨੇ ਧਾਰਾ 370 ਅਤੇ 35 ਏ ਬਾਰੇ ਭਾਜਪਾ ਦੇ ਰੁਖ਼ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਸੰਵਿਧਾਨਕ ਵਿਵਸਥਾਵਾਂ ਨੂੰ ਖ਼ਤਮ ਕਰਨ ਦਾ ਸੁਝਾਅ ਦੇਣਾ ਜੰਮੂ ਕਸ਼ਮੀਰ ਵਿਚ ਵੱਡੀ ਤਬਾਹੀ ਦੇ ਬੀਜ ਬੀਜ ਸਕਦਾ ਹੈ। ਭਾਜਪਾ ਦੇ ਰਾਸ਼ਟਰਵਾਦ ਦੇ ਮੁੱਦੇ ਦਾ ਪਾਰਟੀ ਕਿਵੇਂ ਮੁਕਾਬਲਾ ਕਰੇਗੀ, ਬਾਰੇ ਪੁੱਛੇ ਜਾਣ 'ਤੇ ਚਿਦੰਬਰਮ ਨੇ ਕਿਹਾ ਕਿ ਭਾਜਪਾ ਇਸ ਬਾਰੇ ਤਾਂ ਬੋਲੇਗੀ ਨਹੀਂ ਕਿ ਉਸ ਨੇ ਕੀ ਕੀਤਾ ਅਤੇ ਕੀ ਨਹੀਂਂ ਕਰ ਸਕੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੱਤਰ ਵਿਚ ਨੋਟਬੰਦੀ ਦੀ ਗੱਲ ਨਹੀਂ। ਹੁਣ ਉਹ ਦੋ ਕਰੋੜ ਨੌਕਰੀਆਂ ਦੀ ਗੱਲ ਨਹੀਂ ਕਰ ਰਹੀ ਜੋ ਨਾਕਾਮੀ ਨੂੰ ਪ੍ਰਵਾਨ ਕਰਨਾ ਹੈ। ਹੁਣ ਉਹ ਸੁਰੱਖਿਆ ਦੀ ਗੱਲ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਵੇਲੇ ਭਾਰਤ ਪੂਰੀ ਤਰ੍ਹਾਂ ਸੁਰੱਖਿਅਤ ਸੀ ਜਿਥੇ ਭਾਰਤ-ਪਾਕਿਸਤਾਨ ਜਾਂ ਚੀਨ ਵਿਚਕਾਰ ਜੰਗ ਦਾ ਕੋਈ ਖ਼ਤਰਾ ਨਹੀਂ ਸੀ। ਚਿਦੰਬਰਮ ਨੇ ਕਿਹਾ ਕਿ ਅਜਿਹਾ ਕੋਈ ਡਰ ਨਹੀਂ ਸੀ ਕਿ ਕਿਸੇ ਦਿਨ, ਕਿਸੇ ਵੀ ਵਕਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਛਿੜ ਜਾਵੇਗਾ। ਇਸ ਲਈ ਇਹ ਕਹਿਣਾ ਕਿ ਕੇਵਲ ਭਾਜਪਾ ਭਾਰਤ ਨੂੰ ਸੁਰੱਖਿਅਤ ਰੱਖ ਸਕਦੀ ਹੈ, ਪੂਰੀ ਤਰ੍ਹਾਂ ਬਕਵਾਸ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਭਾਜਪਾ ਦੇ ਸਖ਼ਤ ਅਤੇ ਵਧ-ਚੜ੍ਹ ਕੇ ਕੀਤੇ ਗਏ ਦਾਅਵੇ ਹਨ ਜਿਨ੍ਹਾਂ ਕਾਰਨ ਸਰਹੱਦ 'ਤੇ ਤਣਾਅ ਵਧ ਗਿਆ ਹੈ। ਸਰਹੱਦੀ ਖੇਤਰ ਵਿਚ ਰਹਿ ਰਹੇ  ਲੋਕ ਡਰ ਵਿਚ ਜੀਅ ਰਹੇ ਹਨ ਕਿ ਜੰਗ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। (ਏਜੰਸੀ)