ਚੰਦਰਮਾ 'ਤੇ ਪਏ 'ਮਨੁੱਖੀ ਮਲ' ਦੇ 96 ਬੈਗ ਵਾਪਸ ਲਿਆਉਣਗੇ ਨਾਸਾ ਵਿਗਿਆਨੀ
ਦਹਾਕਿਆਂ ਪਹਿਲਾਂ ਗਏ ਪੁਲਾੜ ਯਾਤਰੀ ਛੱਡ ਆਏ ਸੀ ਗੰਦਗੀ ਦੇ ਬੈਗ
ਨਵੀਂ ਦਿੱਲੀ- ਭਾਰਤ ਵਿਚਲਾ ਸਵੱਛਤਾ ਅਭਿਆਨ ਭਾਵੇਂ ਠੁੱਸ ਹੋ ਕੇ ਰਹਿ ਗਿਆ ਹੋਵੇ ਪਰ ਅਮਰੀਕੀ ਪੁਲਾੜ ਏਜੰਸੀ ਨਾਸਾ ਵਲੋਂ ਚੰਦਰਮਾ 'ਤੇ ਸਫ਼ਾਈ ਅਭਿਆਨ ਦੀ ਤਿਆਰੀ ਕੀਤੀ ਜਾ ਰਹੀ ਹੈ, ਦਰਅਸਲ ਲਗਭਗ 50 ਸਾਲ ਪਹਿਲਾਂ ਜਦੋਂ ਮਨੁੱਖ ਨੇ ਚੰਦਰਮਾ 'ਤੇ ਕਦਮ ਰੱਖਿਆ ਸੀ ਤਾਂ ਵਿਗਿਆਨੀ ਉਥੇ ਕਾਫ਼ੀ ਚੀਜ਼ਾਂ ਛੱਡ ਕੇ ਆਏ ਸਨ। ਜਿਨ੍ਹਾਂ ਵਿਚ ਨੀਲ ਆਰਮਸਟ੍ਰਾਂਗ ਦੇ ਫੁੱਟ ਪ੍ਰਿੰਟ, ਇਕ ਅਮਰੀਕੀ ਝੰਡਾ ਅਤੇ ਮਨੁੱਖੀ ਮਲ ਦੇ ਕਰੀਬ 96 ਬੈਗ ਸ਼ਾਮਲ ਹਨ। ਹੁਣ ਵਿਗਿਆਨੀ ਚੰਦ 'ਤੇ ਦੁਬਾਰਾ ਜਾ ਕੇ ਦਹਾਕਿਆਂ ਪੁਰਾਣੇ ਮਨੁੱਖੀ ਮਲ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ, ਤਾਂ ਕਿ ਉਸ ਦੀ ਜਾਂਚ ਕਰਕੇ ਉਥੇ ਜੀਵਨ ਦੀ ਖੋਜ ਨੂੰ ਅੱਗੇ ਵਧਾਇਆ ਜਾ ਸਕੇ।
ਉਸ ਮਿਸ਼ਨ ਵਿਚ ਕੁੱਲ 12 ਪੁਲਾੜ ਯਾਤਰੀ ਚੰਦ ਦੀ ਸਤ੍ਹਾ 'ਤੇ ਪਹੁੰਚੇ ਸਨ ਅਤੇ ਮਲ-ਮੂਤਰ ਅਤੇ ਹੋਰ ਕੂੜੇ ਕਰਕਟ ਦੇ 96 ਬੈਗ ਉਥੇ ਛੱਡ ਆਏ ਸਨ ਹਾਲਾਂਕਿ ਨਾਸਾ ਨੇ ਪੁਲਾੜ ਯਾਤਰੀਆਂ ਨੂੰ ਇਸ ਤੌਰ 'ਤੇ ਭੇਜਿਆ ਸੀ ਕਿ ਉਨ੍ਹਾਂ ਨੂੰ ਆਪਣਾ ਮਲ-ਮੂਤਰ ਸਪੇਸ ਵਿਚ ਛੱਡਣ ਦੀ ਲੋੜ ਨਾ ਪਵੇ, ਇਸ ਦੇ ਲਈ ਨਾਸਾ ਨੇ ਆਪਣੇ ਪੁਲਾੜ ਯਾਤਰੀਆਂ ਲਈ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਬਣਵਾਏ ਸਨ। ਜਿਸ ਵਿਚ ਡਾਇਪਰ ਵੀ ਲੱਗਿਆ ਹੋਇਆ ਸੀ, ਪਰ ਇਸ ਦੇ ਬਾਵਜੂਦ ਪੁਲਾੜ ਯਾਤਰੀਆਂ ਨੇ ਆਪਣਾ ਮਲ ਮੂਤਰ ਉਥੇ ਹੀ ਛੱਡ ਦਿਤਾ, ਦਰਅਸਲ ਪੁਲਾੜ ਯਾਤਰੀਆਂ ਨੂੰ ਇਹ ਸਭ ਕੁੱਝ ਮਜ਼ਬੂਰੀ ਵੱਸ ਕਰਨਾ ਪਿਆ ਸੀ।
ਵਿਗਿਆਨੀਆਂ ਨੇ ਚੰਦਰਮਾ ਤੋਂ ਮਿੱਟੀ ਅਤੇ ਪੱਥਰ ਲੈ ਕੇ ਜਾਣੇ ਸਨ। ਜਿਸ ਕਰਕੇ ਸਪੇਸ ਕ੍ਰਾਫਟ ਵਿਚ ਵਜ਼ਨ ਵਧਣ ਨਾਲ ਪੁਲਾੜ ਯਾਤਰੀਆਂ ਦੀ ਜ਼ਿੰਦਗੀ ਨੂੰ ਖ਼ਤਰਾ ਸੀ, ਅਜਿਹੇ ਵਿਚ ਉਨ੍ਹਾਂ ਨੂੰ ਆਪਣੀ ਗੰਦਗੀ ਉਥੇ ਹੀ ਛੱਡਣੀ ਪਈ। ਨਾਸਾ ਨੇ ਹੁਣ ਫਿਰ ਚੰਦ 'ਤੇ ਜਾਣ ਦੇ ਪ੍ਰੋਗਰਾਮ ਵਿਚ ਤੇਜ਼ੀ ਲਿਆਉਣ ਦਾ ਫ਼ੈਸਲਾ ਲਿਆ ਹੈ ਅਤੇ ਸਾਲ 2024 ਵਿਚ ਫਿਰ ਤੋਂ ਚੰਦ ਦੀ ਸਤ੍ਹਾ 'ਤੇ ਜਾਣ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ ਦਰਅਸਲ ਉਥੇ ਛੱਡ ਕੇ ਆਏ ਗੰਦਗੀ ਦੇ ਬੈਗਾਂ ਨੂੰ ਲਿਆਉਣ ਪਿੱਛੇ ਨਾਸਾ ਦਾ ਖ਼ਾਸ ਮਕਸਦ ਹੈ।
ਨਾਸਾ ਉਸ ਦੇ ਜ਼ਰੀਏ ਉਥੇ ਜੀਵਨ ਦੀ ਖੋਜ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ। ਨਾਸਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖ ਦਾ 50 ਫ਼ੀਸਦੀ ਮਲ ਬੈਕਟੀਰੀਆ ਤੋਂ ਬਣਿਆ ਹੁੰਦਾ ਹੈ। ਵਿਗਿਆਨੀ ਇਸ ਬੈਕਟੀਰੀਆ 'ਤੇ ਰਿਸਰਚ ਕਰਨਾ ਚਾਹੁੰਦਾ ਹੈ। ਇਸ ਗੰਦਗੀ ਦੇ ਅਧਿਐਨ ਤੋਂ ਇਸ ਗੱਲ ਦੀ ਜਾਣਕਾਰੀ ਮਿਲ ਸਕਦੀ ਹੈ ਕਿ ਸਪੇਸ ਵਿਚ ਜੀਵਨ ਦੀ ਕਿੰਨੀ ਸੰਭਾਵਨਾ ਹੈ। ਵਿਗਿਆਨੀ ਜਾਣਨਾ ਚਾਹੁੰਦੇ ਹਨ ਕਿ ਕੀ ਹੁਣ ਵੀ ਮਨੁੱਖੀ ਮਲ ਵਿਚ ਬੈਕਟੀਰੀਆ ਮੌਜੂਦ ਹੈ? ਵਿਗਿਆਨੀਆਂ ਅਨੁਸਾਰ ਜੇਕਰ ਬੈਕਟੀਰੀਆ ਮਰ ਵੀ ਚੁੱਕੇ ਹੋਣਗੇ ਤਾਂ ਵੀ ਉਨ੍ਹਾਂ ਦਾ ਅਧਿਐਨ ਕਾਫ਼ੀ ਮਹੱਤਵਪੂਰਨ ਹੋ ਸਕਦਾ ਹੈ। ਵਿਗਿਆਨੀ ਜਾਣ ਸਕਦੇ ਹਨ ਕਿ ਬੈਕਟੀਰੀਆ ਕਿੰਨੇ ਸਮੇਂ ਤਕ ਜਿਊਂਦਾ ਰਹੇਗਾ। ਦੇਖੋ ਵੀਡੀਓ......