ਸਰਕਾਰ ਨੇ ਪੁਲਾੜ ਵਿਚ 'ਚੌਕੀਦਾਰ' ਤੈਨਾਤ ਕਰਨ ਲਈ ਕਦਮ ਚੁੱਕੇ ਹਨ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਲੋਕਾਂ ਨੂੰ ਕੀਤੀ ਅਪੀਲ - ਉਹ ਅਜਿਹੀ ਸਰਕਾਰ ਲਈ ਵੋਟਾਂ ਦੇਣ ਜੋ ਸਿਰਫ਼ ਨਾਹਰੇਬਾਜ਼ੀ ਨਹੀਂ ਸਗੋਂ ਠੋਸ ਫ਼ੈਸਲੇ ਕਰ ਸਕੇ

Narendra Modi

ਜੈਪੁਰ (ਉਡੀਸਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੁਲਾੜ ਵਿਚ 'ਚੌਕੀਦਾਰ' ਤੈਨਾਤ ਕਰਨ ਲਈ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਸਰਕਾਰ ਲਈ ਵੋਟਾਂ ਦੇਣ ਜੋ ਸਿਰਫ਼ ਨਾਹਰੇਬਾਜ਼ੀ ਨਹੀਂ ਸਗੋਂ ਠੋਸ ਫੈਸਲੇ ਕਰ ਸਕੇ।ਪ੍ਰਧਾਨ ਮੰਤਰੀ ਨੇ ਉਡੀਸਾ ਵਿਚ ਕੋਰਾਪੁਟ ਜ਼ਿਲ੍ਹੇ ਦੇ ਜੈਪੁਰ ਇਲਾਕੇ ਵਿਚ ਇਕ ਰੈਲੀ ਨਾਲ ਪੂਰਬੀ ਭਾਰਤ ਵਿਚ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਕਰਦਿਆਂ ਕਿਹਾ ਕਿ ਰਾਜਗ ਸਰਕਾਰ ਲੋਕਾਂ ਦੇ ਸਮਰਥਨ ਬਿਨਾਂ ਦੇਸ਼ ਵਿਚ ਕੋਈ ਵਿਕਾਸ ਕਾਰਜ ਨਾਹੀ ਕਰ ਪਾਂਉਦੀ। ਉਨ੍ਹਾਂ ਨੇ ਲੋਕ ਸਭਾ ਚੋਣਾਂ 2019 ਲਈ ਅਪਣੇ ਸਮਰਥਕਾਂ ਦਾ ਅਸ਼ੀਰਵਾਦ ਮੰਗਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਰਾਜਗ ਸਰਕਾਰ ਨੇ ਰਾਜ ਵਿਚ ਵਿਕਾਸ ਕਰਨ ਲਈ ਕੋਈ ਕਸਰ ਨਹੀਂ ਛੱਡੀ। 

ਮੋਦੀ ਨੇ ਕਿਹਾ, ''ਰਾਜਗ ਸਰਕਾਰ ਰਾਜ ਵਿਚ ਸੜਕ ਅਤੇ ਰੇਲ ਮਾਰਗ ਢਾਂਚਾ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਦੇਸ਼ ਵਿਚ ਜਦੋਂ ਵਿਕਾਸ ਕੰਮਾਂ ਦੀ ਗੱਲ ਆਂਉਦੀ ਹੈ ਤਾਂ ਧਨ ਦੀ ਕੋਈ ਕਮੀ ਨਹੀਂ ਹੈ। ਪਿਛਲੇ ਪੰਜ ਸਾਲਾਂ ਵਿਚ ਸਰਕਾਰ ਨੇ ਅੱਠ ਲੱਖ ਪਰਵਾਰਾਂ ਲਈ ਘਰ ਬਣਾਏ ਹਨ, 3000 ਘਰਾਂ ਵਿਚ ਬਿਜਲੀ ਪਹੁੰਚਾਈ ਹੈ ਅਤੇ 40 ਲੱਖ ਘਰਾਂ ਵਿਚ ਗੈਸ ਕਨੈਕਸ਼ਨ ਦਿਤੇ ਹਨ।''

ਪ੍ਰਧਾਨ ਮੰਤਰੀ ਨੇ 'ਮਿਸ਼ਨ ਸ਼ਕਤੀ' ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਪੁਲਾੜ ਵਿਚ 'ਚੌਕੀਦਾਰ' ਤੈਨਾਤ ਕਰਨ ਲਈ ਕਦਮ ਚੁੱਕੇ ਹਨ। 'ਮਿਸ਼ਨ ਸ਼ਕਤੀ' ਤਹਿਤ ਭਾਰਤ ਨੇ ਇਕ ਲਾਈਵ ਸੈਟੇਲਾਈਟ 'ਤੇ ਨਿਸ਼ਾਨਾ ਲਗਾ ਕੇ ਅਪਣੇ ਉਪਗ੍ਰਹਿ ਭੇਦੀ ਮਿਜ਼ਾਈਲ ਦੀ ਸਮਰਥਾ ਦਾ ਜਾਇਜ਼ਾ ਲਿਆ। ਬਾਲਾਕੋਟ ਵਿਚ ਪਿਛਲੇ ਮਹੀਨੇ ਹਵਾਈਸੈਨਾ ਵਲੋਂ ਕੀਤੀ ਗਈ ਕਾਰਵਾਈ ਸਬੰਧੀ  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁਖ਼ ਦੀ ਗੱਲ ਹੈ ਕਿ ਪੁਲਵਾਮਾ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਵਿਚ ਅਤਿਵਾਦੀ ਟਿਕਾਣਿਆਂ 'ਤੇ ਹਵਾਈ ਸੈਨਾ ਵਲੋਂ ਕੀਤੀ ਜਵਾਬੀ ਕਾਰਵਾਈ 'ਤੇ ਵਿਰੋਧੀ ਪਾਰਟੀਆਂ ਸਬੂਤ ਮੰਗ ਰਹੀਆਂ ਸਨ।

ਮੋਦੀ ਨੇ ਜ਼ੋਰ ਕਿਤਾ ਕਿ ਉਡੀਸਾ ਵਿਚ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਸੱਤਾ ਵਿਚ ਆਈ ਤਾਂ ਵਿਕਾਸ ਕੰਮਾਂ ਵਿਚ ਹੋਰ ਤੇਜ਼ੀ ਆਵੇਗੀ। ਉਡੀਸਾ ਦੀ ਬੀਜੇਡੀ ਸਰਕਾਰ 'ਤੇ ਨਿਸ਼ਾਨਾ ਲਗਾਂਉਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸੱਤਾਧਾਰੀ ਪਾਰਟੀ ਕਈ ਵਿਵਾਦਾਂ ਵਿਚ ਫਸਿਆ ਹੋਇਆ ਹੈ।   (ਪੀਟੀਆਈ)