ਦੋ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਮੋਦੀ: ਰਾਹੁਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਜੇ ਕਾਂਗਰਸ ਸੱਤਾ 'ਚ ਆਈ ਤਾਂ ਉਹ ਰਾਫ਼ੇਲ ਘਪਲੇ ਦੀ ਜਾਂਚ ਯਕੀਨੀ ਕਰਨਗੇ ਅਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਦੋਸ਼ੀ ਲੋਕਾਂ ਨੂੰ ਸਲਾਖਾਂ ਪਿੱਛੇ ਭੇਜਣਗੇ

Rahul Gandhi

ਰਾਏਗੰਜ (ਪਛਮੀ ਬੰਗਾਲ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਵਿਚੋਂ ਪਹਿਲਾ ਭਾਰਤ ਨੀਰਵ ਮੋਦੀ ਅਤੇ ਅਨਿਲ ਅੰਬਾਨੀ ਵਰਗੇ ਅਪਣੇ ਦੋਸਤਾਂ ਲਈ ਜਦਕਿ ਦੂਜਾ ਭਾਰਤ ਦੇਸ਼ ਦੇ ਗ਼ਰੀਬ ਕਿਸਾਨਾਂ ਲਈ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ ਉਹ ਰਾਫ਼ੇਲ ਘਪਲੇ ਦੀ ਜਾਂਚ ਯਕੀਨੀ ਕਰਨਗੇ ਅਤੇ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਦੋਸ਼ੀ ਲੋਕਾਂ ਨੂੰ ਸਲਾਖਾਂ ਪਿੱਛੇ ਭੇਜਣਗੇ।

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਬੀਤੇ ਸਮੇਂ ਵਿਚ ਭਾਜਪਾ ਨਾਲ ਗਠਜੋੜ ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕਾਂਗਰਸ ਵਿਰੁਧ ਉਨ੍ਹਾਂ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ। ਉਤਰ ਬੰਗਾਲ ਵਿਚ ਇਕ ਚੋਣ ਸਬੰਧੀ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਵਿਚ ਭਾਜਪਾ ਵਿਰੁਧ ਜੀ-ਜਾਨ ਨਾਲ ਲੜਾਈ ਲੜ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਦਾ ਚਿਹਰਾ ਉਨ੍ਹਾਂ ਦੇ ਸ਼ਬਦਾਂ ਨਾਲ ਮੇਲ ਨਹੀਂ ਖਾ ਰਿਹਾ। ਉਨ੍ਹਾਂ ਕਿਹਾ ਕਿ ਅਪਣੀਆਂ ਚੋਣ ਰੈਲੀਆਂ ਵਿਚ ਮੋਦੀ ਠੀਕ ਢੰਗ ਨਾਲ ਬੋਲ ਨਹੀਂ ਪਾ ਰਹੇ ਕਿਉਂਕਿ ਉਹ ਡਰੇ ਹੋਏ ਹਨ ਕਿ ਜੇ ਕਾਂਗਰਸ ਨੇ ਰਾਫ਼ੇਲ ਘਪਲੇ ਦੀ ਜਾਂਚ ਕਰਵਾਈ ਤਾਂ ਉਹ ਜੇਲ ਜਾ ਸਕਦੇ ਹਨ।

ਕਾਂਗਰਸ ਦੀ ਨਿਆ ਯੋਜਨਾ ਦਾ ਜ਼ਿਕਰ ਕਰਦੇ ਹੋਏ ਰਾਹੁਲ ਨੇ ਗ਼ਰੀਬਾਂ ਨੂੰ 72 ਹਜ਼ਾਰ ਰੁਪਏ ਸਾਲਾਨਾ ਦੇਣ ਦੀ ਯੋਜਨਾ ਲਈ ਪੈਸਾ ਅਨਿਲ ਅੰਬਾਨੀ, ਨੀਰਵ ਮੋਦੀ, ਮੇਹੁਲ ਚੋਕਸੀ ਅਤੇ ਵਿਜੈ ਮਾਲਿਆ ਵਰਗੇ ਵਪਾਰੀਆਂ ਦੀ ਜੇਬ ਤੋਂ ਆਵੇਗਾ ਜਿਨ੍ਹਾਂ ਨੇ ਜਨਤਾ ਦਾ ਪੈਸਾ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੋ ਭਾਰਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ।  (ਏਜੰਸੀ)