ਚਾਰਾ ਘੋਟਾਲਾ ਮਾਮਲਾ: ਸੁਪਰੀਮ ਕੋਰਟ ਵਲੋਂ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਪਟੀਸ਼ਨ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਹਾਈਕੋਰਟ ਅਦਾਲਤ ਵਿਚ ਲਾਲੂ ਪ੍ਰਸਾਦ ਯਾਦਵ ਦੀ ਜਮਾਨਤ ਪਟੀਸ਼ਨ ਦਾ ਕੀਤਾ ਸੀ ਵਿਰੋਧ

Lalu Prasad Yadav

ਨਵੀਂ ਦਿੱਲੀ: ਚਾਰਾ ਘੋਟਾਲੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਵੱਡਾ ਝਟਕਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਖਾਰਜ ਕਰ ਦਿਤੀ ਹੈ। ਇਸ ਸਬੰਧੀ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਇਕ ਬੈਂਚ ਨੇ ਕਿਹਾ ਕਿ ਉਹ ਮਾਮਲੇ ਵਿਚ ਯਾਦਵ ਨੂੰ ਜ਼ਮਾਨਤ ਦੇਣ ਦੀ ਇਛੁੱਕ ਨਹੀਂ ਹੈ। ਬੈਂਚ ਨੇ ਲਾਲੂ ਦੇ 24 ਮਹੀਨਿਆਂ ਤੋਂ ਜੇਲ੍ਹ ਵਿਚ ਹੋਣ ਦੀਆਂ ਦਲੀਲਾਂ ਨੂੰ ਖ਼ਾਰਜ ਕਰ ਦਿਤਾ ਹੈ ਤੇ ਕਿਹਾ ਕਿ ਉਸ ਨੂੰ ਦਿਤੀ ਗਈ 14 ਸਾਲ ਦੀ ਸਜ਼ਾ ਦੇ ਮੁਕਾਬਲੇ 24 ਮਹੀਨੇ ਤਾਂ ਕੁਝ ਵੀ ਨਹੀਂ ਹੈ।

ਇਸ ਦੌਰਾਨ ਯਾਦਵ ਦੇ ਸੀਨੀਅਰ ਵਕੀਲ ਕਪਿਲ ਸਿੰਬਲ ਨੇ ਕਿਹਾ ਕਿ ਕੋਈ ਬਰਾਮਦਗੀ ਨਹੀਂ ਅਤੇ ਕੋਈ ਮੰਗ ਨਹੀਂ ਅਤੇ ਕੇਵਲ ਵੱਡਾ ਅਪਰਾਧ ਜਿਸ ਦੇ ਤਹਿਤ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਉਹ ਸਾਜਿਸ਼ ਸੀ। ਬੈਂਚ ਨੇ ਕਿਹਾ ਕਿ ਮਾਮਲੇ ਦੇ ਗੁਣ–ਦੋਸ਼ ਦਾ ਫ਼ੈਸਲਾ ਉੱਚ ਅਦਾਲਤ ਕਰੇਗੀ। ਬੈਂਚ ਨੇ ਕਿਹਾ ਕਿ ਇਸ ਸਮੇਂ ਉਹ ਕੇਵਲ ਜਾਚਿਕਾ ਉਤੇ ਸੁਣਵਾਈ ਕਰ ਰਹੇ ਹਨ।

ਸੁਪਰੀਮ ਕੋਰਟ ਨੇ ਰਾਸ਼ਟਰੀ ਜਨਤਾ ਦਲ ਮੁਖੀ ਦੇ ਵਕੀਲ ਨੂੰ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਦੇ ਬਾਹਰ ਆਉਣ ਉਤੇ ਕੋਈ ਖਤਰਾ ਨਹੀਂ ਹੈ, ਖਤਰਾ ਇਹ ਹੈ ਕਿ ਉਸ ਨੂੰ ਸਜ਼ਾ ਦਿਤੀ ਗਈ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਹਾਈਕੋਰਟ ਅਦਾਲਤ ਵਿਚ ਲਾਲੂ ਪ੍ਰਸਾਦ ਯਾਦਵ ਦੀ ਜਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ। ਜਾਂਚ ਬਿਊਰੋ ਦਾ ਕਹਿਣਾ ਹੈ ਕਿ ਉਹ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਜ਼ਮਾਨਤ ਦੀ ਗਲਤ ਵਰਤੋਂ ਕਰ ਸਕਦਾ ਹੈ।

ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਇਸ ਸਮੇਂ ਚਾਰਾ ਘੁਟਾਲਾ ਮਾਮਲੇ ਵਿਚ ਰਾਂਚੀ ਸਥਿਤ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਸੀਬੀਆਈ ਨੇ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਤੋਂ ਯਾਦਵ ਦੀ ਜਮਾਨਤ ਉਤੇ ਜਵਾਬ ਦਾਖਲ ਕਰਨ ਦੀ ਆਗਿਆ ਮੰਗੀ ਸੀ। ਜਾਂਚ ਬਿਊਰੋ ਨੇ ਕਿਹਾ ਕਿ ਰਾਜਦ ਮੁੱਖੀ ਆਸਨ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਗਤੀਵਧੀਆਂ ਵਿਚ ਸ਼ਾਮਲ ਹੋ ਸਕਦਾ ਹੈ ਅਤੇ ਅਪਣੀ ਜ਼ਮਾਨਤ ਦੀ ਦੁਰਵਰਤੋਂ ਕਰ ਸਕਦਾ ਹੈ।

 ਜਾਂਚ ਏਜੰਸੀ ਨੇ ਕਿਹਾ ਕਿ ਵੈਸੇ ਵੀ ਲਾਲੂ ਪ੍ਰਸਾਦ ਯਾਦਵ ਅੱਠ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹਸਪਤਾਲ ਦੇ ਵਾਰਡ ਵਿਚ ਹੈ ਅਤੇ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਰਿਹਾ ਹੈ। ਸੀਬੀਆਈ ਨੇ ਅਪਣੇ ਜਵਾਬ ਵਿਚ ਕਿਹਾ ਕਿ ਪਟੀਸ਼ਨਕਰਤਾ (ਯਾਦਵ) ਜਿਸ ਸਮੇਂ ਵਿਚ ਹਸਪਤਾਲ ਵਿਚ ਰਿਹਾ ਹੈ, ਉਸ ਨੂੰ ਨਾ ਸਿਰਫ ਸਾਰੀਆਂ ਸਹੂਲਤਾਵਾਂ ਵਾਲੇ ਵਿਸ਼ੇਸ਼ ਵਾਰਡ ਦੀ ਆਗਿਆ ਦਿਤੀ ਗਈ, ਜਦੋਂ ਕਿ ਉਹ ਉਕੋਂ ਆਭਾਸੀ ਤਰੀਕੇ ਨਾਲ ਅਪਣੀਆਂ ਰਾਜਨੀਤਿਕ ਗਤੀਵਿਧੀਆਂ ਚਲਾ ਰਿਹਾ ਹੈ।

ਇਹ ਉਨ੍ਹਾਂ ਦੇ ਮੁਲਾਕਾਤੀਆਂ ਦੀ ਸੂਚੀ ਤੋਂ ਸਪੱਸ਼ਟ ਹੈ। ਏਜੰਸੀ ਨੇ ਕਿਹਾ ਕਿ ਯਾਦਵ ਦਾਅਵਾ ਕਰਦਾ ਹੈ ਕਿ ਉਹ ਐਨਾ ਬਿਮਾਰ ਹੈ ਕਿ ਜੇਲ੍ਹ ਵਿਚ ਨਹੀਂ ਰਹਿ ਸਕਦਾ, ਪਰ ਅਚਾਨਕ ਜਮਾਨਤ ਲੈਣ ਲਈ ਸਿਹਤਮੰਦ ਹੋ ਗਿਆ। ਰਾਂਚੀ ਵਿਚ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿਚ ਬੰਦ ਰਾਜਦ ਸੁਪਰੀਮੋ ਨੇ ਉਸ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰਨ ਦੇ ਝਾਰਖੰਡ ਉਚ ਅਦਾਲਤ ਦੇ 10 ਜਨਵਰੀ ਦੇ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਸੀ।

ਲਾਲੂ ਪ੍ਰਸਾਦ ਨੂੰ ਨੌ ਸੌ ਕਰੋੜ ਰੁਪਏ ਤੋਂ ਜ਼ਿਆਦਾ ਚਾਰਾ ਘੁਟਾਲੇ ਨਾਲ ਸਬੰਧਤ ਤਿੰਨ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਹ ਮਾਮਲੇ 1990 ਦੇ ਦਹਾਕੇ ਵਿਚ, ਜਦੋਂ ਝਾਰਖੰਡ ਬਿਹਾਰ ਦਾ ਹਿੱਸਾ ਸੀ, ਧੋਖੇ ਨਾਲ ਪਸ਼ੂਪਾਲਣ ਵਿਭਾਗ ਦੇ ਖਜ਼ਾਨੇ ਤੋਂ ਪੈਸਾ ਕਢਾਉਣ ਨਾਲ ਸਬੰਧਤ ਹੈ।