ਵਿਸ਼ਵ ਦੀਆਂ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ 10 ਭਾਸ਼ਾਵਾਂ 'ਚ ਪੰਜਾਬੀ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬੀ ਭਾਸ਼ਾ ਦੇ ਚਾਹੁਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ

The Punjabi name in the world's most spoken language is 10

ਜਦੋਂ ਵੀ ਕਦੇ ਬੋਲੀਆਂ ਬਾਰੇ ਸਰਵੇ ਸਾਹਮਣੇ ਆਉਂਦੇ ਨੇ ਤਾਂ ਇਹੀ ਕਿਹਾ ਜਾਂਦਾ ਹੈ ਕਿ ਫ਼ਲਾਣੀ-ਫ਼ਲਾਣੀ ਬੋਲੀ ਖ਼ਤਮ ਹੋਣ ਕੰਢੇ 'ਤੇ ਹੈ। ਫ਼ਲਾਣੀ ਬੋਲੀ ਕੁੱਝ ਸਾਲਾਂ ਬਾਅਦ ਅਪਣਾ ਵਜੂਦ ਹੀ ਗਵਾ ਲਵੇਗੀ। ਇਸੇ ਤਰ੍ਹਾਂ ਪੰਜਾਬੀ ਬਾਰੇ ਵੀ ਅਕਸਰ ਇਹੀ ਕਿਹਾ ਜਾਂਦਾ ਹੈ ਪਰ ਜਦੋਂ ਅਜਿਹੇ ਫ਼ਰਜ਼ੀ ਸਰਵਿਆਂ ਨੂੰ ਪੰਜਾਬੀ ਮਾਂ ਬੋਲੀ ਨੂੰ ਚਾਹੁਣ ਵਾਲੇ ਦੇਖਦੇ ਜਾਂ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ ਅੰਦਰੋ ਅੰਦਰੀ ਗੁੱਸਾ ਆਉਂਦਾ..

...ਕਿਉਂਕਿ ਵਿਸ਼ਵ ਪੱਧਰ 'ਤੇ ਪ੍ਰਫੁੱਲਤ ਹੋਈ ਪੰਜਾਬੀ ਬੋਲੀ ਨੂੰ ਜਦੋਂ ਕੋਈ ਖ਼ਤਮ ਹੋਣ ਦੀ ਗੱਲ ਕਰਦੇ ਤਾਂ ਸਮਝ ਨਹੀਂ ਆਉਂਦੀ ਕਿ ਇਹ ਸਰਵੇਖਣ ਕਿਸ ਆਧਾਰ 'ਤੇ ਕੀਤਾ ਗਿਆ ਹੁੰਦਾ ਹੈ। ਜ਼ਿਆਦਾ ਦੂਰ ਨਾ ਜਾਈਏ ਬਾਲੀਵੁੱਡ ਦੀ ਹੀ ਗੱਲ ਕਰਦੇ ਹਾਂ। ਇੱਥੋਂ ਦੀਆਂ ਫ਼ਿਲਮਾਂ ਓਨਾ ਚਿਰ ਚਲਦੀਆਂ ਹੀ ਨਹੀਂ ਜੇਕਰ ਉਨ੍ਹਾਂ ਅੰਦਰ ਪੰਜਾਬੀ ਦਾ ਤੜਕਾ ਨਾ ਲਗਾਇਆ ਗਿਆ ਹੋਵੇ।

ਫਿਰ ਵਿਸ਼ਵ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਵੋ ਤਾਂ ਪੰਜਾਬੀ ਬੋਲਣ ਵਾਲੇ ਤੁਹਾਨੂੰ ਮਿਲ ਹੀ ਜਾਣਗੇ ਤਾਂ ਫਿਰ ਤੁਸੀਂ ਇਹ ਦੱਸੋ ਕਿ ਇਹ ਬੋਲੀ ਖ਼ਤਮ ਕਿਵੇਂ ਹੋ ਸਕਦੀ ਐ? ਹੁਣੇ-ਹੁਣੇ ਇਕ ਤਾਜ਼ਾ ਸਰਵੇ ਸਾਹਮਣੇ ਆਇਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪੰਜਾਬੀ ਨੇ ਵਿਸ਼ਵ ਭਰ ਵਿਚ ਸੱਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਪਹਿਲੀਆਂ 10 ਭਾਸ਼ਾਵਾਂ ਵਿਚ ਥਾਂ ਬਣਾਈ ਹੈ। 

'ਬੈਬਲ ਮੈਗਜ਼ੀਨ' ਦੀ ਰਿਪੋਰਟ ਮੁਤਾਬਕ ਪੰਜਾਬੀ ਪਹਿਲੀਆਂ 10 ਭਾਸ਼ਾਵਾਂ ਵਿਚੋਂ 10ਵੇਂ ਸਥਾਨ 'ਤੇ ਹੈ ਜੋ ਪੂਰੀ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਬੋਲੀਆਂ ਜਾਂਦੀਆਂ ਹਨ। ਇਸ ਦਾ ਭਾਵ ਇਹ ਹੋਇਆ ਕਿ ਵਿਸ਼ਵ ਭਰ ਵਿਚ ਪੰਜਾਬੀ ਨੂੰ ਚਾਹੁਣ ਵਾਲੇ ਬਹੁਤ ਸਾਰੇ ਦੀਵਾਨੇ ਅਜੇ ਵੱਡੀ ਗਿਣਤੀ ਜ਼ਿੰਦਾ ਹਨ। ਰਿਪੋਰਟ ਮੁਤਾਬਕ ਪਹਿਲੇ ਸਥਾਨ 'ਤੇ ਚੀਨੀ ਭਾਸ਼ਾ ਹੈ ਜਿਸ ਨੂੰ ਕਰੀਬ 1.2 ਬਿਲੀਅਨ ਭਾਵ ਕਿ 120 ਕਰੋੜ ਲੋਕ ਬੋਲਦੇ ਹਨ।

ਦੂਜੇ ਸਥਨ 'ਤੇ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਸਪੈਨਿਸ਼, ਜਿਸ ਨੂੰ ਕਿ 400 ਮਿਲੀਅਨ ਭਾਵ ਕਿ 40 ਕਰੋੜ ਲੋਕ ਬੋਲਦੇ ਹਨ। ਤੀਸਰੇ ਨੰਬਰ 'ਤੇ ਅੰਗਰੇਜ਼ੀ ਆਉਂਦੀ ਹੈ ਜੋ ਕਿ 360 ਮਿਲੀਅਨ ਯਾਨੀ 36 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਸ ਸੂਚੀ ਦੇ ਚੌਥੇ ਸਥਾਨ 'ਤੇ ਨਾਂ ਆਉਂਦੈ ਹਿੰਦੀ ਦਾ। ਇਸੇ ਤਰ੍ਹਾਂ ਪੰਜਵੇਂ ਸਥਾਨ 'ਤੇ ਅਰਬੀ ਭਾਸ਼ਾ ਦਾ ਨਾਮ ਹੈ ਜਿਸ ਨੂੰ 250 ਮਿਲੀਅਨ  ਯਾਨੀ ਕਿ ਢਾਈ ਕਰੋੜ ਲੋਕ ਬੋਲਦੇ ਨੇ।

ਫਿਰ ਛੇਵੇਂ ਸਥਾਨ 'ਤੇ ਪੁਰਤਗੀਜ਼, 7ਵੇਂ 'ਤੇ ਬੰਗਾਲੀ, 8ਵੇਂ 'ਤੇ ਰਸ਼ੀਅਨ, 9ਵੇਂ 'ਤੇ ਜਪਾਨੀ ਤੇ ਦਸਵਾਂ ਸਥਾਨ ਪੰਜਾਬੀ ਨੇ ਹਾਸਲ ਕੀਤਾ ਹੈ। 'ਬੈਬਲ ਮੈਗਜ਼ੀਨ' ਮੁਤਾਬਕ ਪੰਜਾਬੀ ਭਾਸ਼ਾ ਤਕਰੀਬਨ 100 ਮਿਲੀਅਨ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਸਣੇ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿਚ ਪੰਜਾਬੀ ਬੋਲੀ ਜਾਂਦੀ ਹੈ।

ਬੇਸ਼ੱਕ ਇਹ ਸਰਵੇ ਪੰਜਾਬੀ ਮਾਂ ਬੋਲੀ ਨੂੰ ਚਾਹੁਣ ਵਾਲਿਆਂ ਨੂੰ ਖ਼ੁਸ਼ ਕਰਨ ਵਾਲੇ ਨੇ ਪਰ ਅੱਜ ਵੀ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਪੰਜਾਬੀ ਪਰਵਾਰ ਘੱਟੋ-ਘੱਟ ਇੰਨਾ ਕੁ ਕੰਮ ਜ਼ਰੂਰ ਕਰਨ ਕਿ ਉਹ ਅਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਤੇ ਬੋਲਣ ਲਈ ਪ੍ਰੇਰਿਤ ਕਰਨ। ਸੰਭਵ ਹੈ ਕਿ ਫਿਰ ਪੰਜਾਬੀ ਦੇ ਰੈਂਕ ਵਿਚ ਹੋਰ ਵੀ ਸੁਧਾਰ ਹੋਵੇਗਾ।