ਜੇਕਰ ਅਸੀ ਵੋਟ ਨਹੀਂ ਪਾਉਂਦੇ ਤਾਂ ਸਾਨੂੰ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ : ਨਾਰਾਇਣ ਮੂਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਰਾਇਣ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਅਤੇ ਲੇਖਕ ਸੁਧਾ ਮੂਰਤੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟ ਪਾਈ

Infosys founder NR Narayana Murthy and wife Sudha Murthy after casting their vote

 

ਬੰਗਲੌਰ:  ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੀ ਮੋਹਰੀ ਕੰਪਨੀ ਇਨਫ਼ੋਸਿਸ ਦੇ ਸਹਿ-ਸੰਸਥਾਪਕ ਐਨ. ਆਰ. ਨਾਰਾਇਣ ਮੂਰਤੀ ਅਤੇ ਉਨ੍ਹਾਂ ਦੀ ਪਤਨੀ ਅਤੇ ਲੇਖਕ ਸੁਧਾ ਮੂਰਤੀ ਨੇ ਬੁੱਧਵਾਰ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟ ਪਾਈ ਅਤੇ ਦੂਜਿਆਂ ਨੂੰ ਅਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਨਾਰਾਇਣ ਮੂਰਤੀ (76) ਨੇ ਇਥੇ ਅਪਣੀ ਵੋਟ ਪਾਉਣ ਤੋਂ ਬਾਅਦ ਕਿਹਾ, “ਪਹਿਲਾਂ ਅਸੀ ਵੋਟ ਪਾਉਂਦੇ ਹਾਂ, ਫਿਰ ਕਹਿੰਦੇ ਹਾਂ ਕਿ ਇਹ ਚੰਗਾ ਹੈ ਅਤੇ ਇਹ ਚੰਗਾ ਨਹੀਂ ਹੈ, ਪਰ ਜੇਕਰ ਅਸੀ ਅਜਿਹਾ ਨਹੀਂ ਕਰਦੇ (ਵੋਟ ਨਹੀਂ ਦਿੰਦੇ) ਤਾਂ ਸਾਡੇ ਕੋਲ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ”।

ਇਹ ਵੀ ਪੜ੍ਹੋ: ਹੁਣ ਦੇਸ਼ ਦੇ ਵੱਕਾਰੀ 'ਦਿ ਦੂਨ ਸਕੂਲ' ਵਿਚ ਮੁਫ਼ਤ ਪੜ੍ਹਨਗੇ ਗ਼ਰੀਬ ਘਰਾਂ ਦੇ ਹੋਣਹਾਰ ਬੱਚੇ

ਉਨ੍ਹਾਂ ਵੋਟ ਪਾਉਣ ਵੇਲੇ ਅਪਣੀਆਂ "ਉਮੀਦਾਂ" ਬਾਰੇ ਕਿਹਾ, "ਮੇਰੀ ਉਮੀਦ ਇਹ ਹੈ ਕਿ ਇਹ ਸਥਾਨ ਮੇਰੇ ਪੋਤੇ-ਪੋਤੀਆਂ ਲਈ ਰਹਿਣ, ਕਰੀਅਰ ਬਣਾਉਣ, ਸਿੱਖਿਆ ਪ੍ਰਾਪਤ ਕਰਨ ਅਤੇ ਸਮਾਜ ਵਿਚ ਵੱਡਮੁੱਲਾ ਯੋਗਦਾਨ ਪਾਉਣ ਲਈ ਦੁਨੀਆਂ ਦੀ ਸੱਭ ਤੋਂ ਵਧੀਆ ਜਗ੍ਹਾ ਹੋਵੇਗੀ।" ਮੂਰਤੀ ਨੇ ਕਿਹਾ, “ਅਸੀ ਉਮੀਦ ਕਰਦੇ ਹਾਂ ਕਿ ਭਾਰਤ ਦੇ ਸੱਭ ਤੋਂ ਦੂਰ-ਦੁਰਾਡੇ ਪਿੰਡ ਦੇ ਸੱਭ ਤੋਂ ਗਰੀਬ ਵਿਅਕਤੀ ਨੂੰ ਵੀ ਮੁੱਢਲੀ ਸਿੱਖਿਆ, ਚੰਗੀ ਸਿਹਤ ਸੰਭਾਲ, ਵਧੀਆ ਪੋਸ਼ਣ ਮਿਲੇ। ਉਮੀਦ ਹੈ ਕਿ ਕਿਸੇ ਬੱਚੇ ਦੇ ਪੋਤੇ-ਪੋਤੀਆਂ ਦਾ ਭਵਿੱਖ ਉਸ ਬੱਚੇ ਨਾਲੋਂ ਚੰਗਾ ਹੋਵੇਗਾ”।

ਇਹ ਵੀ ਪੜ੍ਹੋ: ਆਖ਼ਰ ਕਦੋਂ ਰੁਕਣਗੀਆਂ ਬੇਅਦਬੀ ਦੀਆਂ ਘਟਨਾਵਾਂ, ਹੁਣ ਗੁਰਦਾਸਪੁਰ 'ਚ ਹੋਈ ਬੇਅਦਬੀ

ਇਸ ਦੌਰਾਨ ਸੁਧਾ ਮੂਰਤੀ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਉਨ੍ਹਾਂ ਤੋਂ ਸਿੱਖ ਕੇ ਅਪਣੇ ਵੋਟ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, “ਮੈਂ ਨੌਜੁਆਨਾਂ ਨੂੰ ਕਹਾਂਗੀ, ਕਿਰਪਾ ਕਰਕੇ ਸਾਡੇ ਵੱਲ ਦੇਖੋ। ਅਸੀ ਬੁੱਢੇ ਹੋ ਗਏ ਹਾਂ ਪਰ ਫਿਰ ਵੀ ਛੇ ਵਜੇ ਉੱਠ ਕੇ ਵੋਟ ਪਾਉਣ ਆਉਂਦੇ ਹਾਂ। ਕਿਰਪਾ ਕਰਕੇ ਸਾਡੇ ਤੋਂ ਸਿੱਖੋ”।ਸੁਧਾ ਮੂਰਤੀ ਨੇ ਕਿਹਾ ਕਿ ਵੋਟਿੰਗ ਲੋਕਤੰਤਰ ਦਾ ਪਵਿੱਤਰ ਹਿੱਸਾ ਹੈ ਅਤੇ ਜੇਕਰ ਲੋਕਤੰਤਰ 'ਚ ਵੋਟਰ ਨਹੀਂ ਹੈ ਤਾਂ ਲੋਕਤੰਤਰ ਨਹੀਂ ਹੈ।

ਇਹ ਵੀ ਪੜ੍ਹੋ: ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ: ਕਾਂਗਰਸ ਦਾ ਦਾਅਵਾ, “130 ਤੋਂ 150 ਸੀਟਾਂ 'ਤੇ ਹੋਵੇਗੀ ਜਿੱਤ”

ਉਨ੍ਹਾਂ ਕਿਹਾ, "ਤੁਹਾਨੂੰ ਵੋਟ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਜੇਕਰ ਤੁਸੀ ਕੋਈ ਬਦਲਾਅ ਕਰਨਾ ਚਾਹੁੰਦੇ ਹੋ, ਇਸ ਨੂੰ ਲਾਗੂ ਕਰਨਾ ਚਾਹੁੰਦੇ ਹੋ ਜਾਂ ਵਿਵਸਥਾ ਬਣਾਈ ਰੱਖਣਾ ਚਾਹੁੰਦੇ ਹੋ, ਤੁਸੀ ਅਪਣੇ ਪ੍ਰਾਜੈਕਟਾਂ ਨੂੰ ਲਾਗੂ ਹੁੰਦਾ ਦੇਖਣਾ ਚਾਹੁੰਦੇ ਹੋ, ਤੁਹਾਨੂੰ ਅਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ"। ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਲੇਖਿਕਾ ਨੇ ਕਿਹਾ, “ਮੈਂ ਤੁਹਾਨੂੰ ਇਹ ਨਹੀਂ ਪੁੱਛਾਂਗੀ ਕਿ ਤੁਸੀ ਕਿਸ ਨੂੰ ਵੋਟ ਦਿਓਗੇ ਜਾਂ ਤੁਸੀ ਵੋਟ ਕਿਉਂ ਪਾਓਗੇ ਕਿਉਂਕਿ ਹਰ ਕਿਸੇ ਦੀ ਅਪਣੀ ਰਾਏ ਅਤੇ ਫ਼ੈਸਲਾ ਹੁੰਦਾ ਹੈ, ਪਰ ਹਰ ਕਿਸੇ ਨੂੰ ਵੋਟ ਕਰਨੀ ਚਾਹੀਦੀ ਹੈ। ਅਸੀ ਹਰ ਚੋਣ ਵਿਚ ਵੋਟ ਦਿੰਦੇ ਹਾਂ।"