ਦਰਦਨਾਕ: ਮੁੰਬਈ ਦੇ ਇਮਾਰਤ ਹਾਦਸੇ ‘ਚ 11 ਲੋਕਾਂ ਦੀ ਮੌਤ, BJP ਨੇ ਕਿਹਾ ਇਹ ਹਾਦਸਾ ਨਹੀਂ, ਕਤਲ ਹੈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੰਬਈ ‘ਚ ਬੁੱਧਵਾਰ ਨੂੰ ਹੋਈ ਬਾਰਿਸ਼ ਕਾਰਨ ਦੇਰ ਰਾਤ ਇਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖ਼ਮੀ ਹਨ।

Building in Mumbai collapsed

ਮਹਾਰਾਸ਼ਟਰ: ਮੁੰਬਈ (Mumbai) ‘ਚ ਮਾਨਸੂਨ (Monsoon) ਦੀ ਹੋਈ ਪਹਿਲੀ ਬਾਰਿਸ਼ ਕਾਰਨ ਬੁੱਧਵਾਰ ਨੂੰ ਦੇਰ ਰਾਤ ਇਕ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ ਮਲਾਡ ਵੈਸਟ ਦੇ ਮਲਵਾਨੀ ਇਲਾਕੇ ‘ਚ ਸਥਿਤ ਚਾਰ ਮੰਜ਼ਿਲਾ ਇਮਾਰਤ ਢਹਿ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਰਨ ਵਾਲਿਆਂ ਵਿੱਚ 43 ਸਾਲਾ ਮੁਹੰਮਦ ਰਫੀ ਦੇ ਪਰਿਵਾਰ ਦੇ 9 ਮੈਂਬਰ ਸ਼ਾਮਲ ਸਨ।

ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ

ਰਫੀ ਨੇ ਦੱਸਿਆ ਕਿ ਉਹ ਤਕਰੀਬਨ ਰਾਤ 10 ਵਜੇ ਦੁੱਧ ਲੈਣ ਲਈ ਬਾਹਰ ਗਿਆ ਸੀ, ਜਦ ਕੁਝ ਦੇਰ ਬਾਅਦ ਵਾਪਸ ਮੁੜਿਆ ਤਾਂ ਇਮਾਰਤ ਢਹਿ ਚੁਕੀ ਸੀ। ਉਸ ਦੇ ਲਈ ਇਹ ਬਹੁਤ ਹੀ ਦੁਖਦਾਇਕ ਸਥਿਤੀ ਸੀ। ਰਫੀ ਨੇ ਹਿੰਮਤ ਕਰ ਕੇ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਿਹਾ। ਸਵੇਰ ਹੁੰਦਿਆਂ ਉਸਦੇ ਪਰਿਵਾਰ ਦੇ 9 ਮੈਂਬਰਾਂ ਦੀਆਂ ਮ੍ਰਿਤਕ ਦੇਹਾਂ ਉਸਦੀਆਂ ਅੱਖਾਂ ਸਾਹਮਣੇ ਸਨ। 

ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

ਹਾਦਸੇ ਵਿੱਚ ਮਾਰੇ ਗਏ ਰਫੀ ਦੇ ਪਰਿਵਾਰ ਦੇ 9 ਮੈਂਬਰਾਂ ਵਿੱਚ ਉਸਦੀ ਪਤਨੀ, ਭਰਾ-ਭਾਬੀ ਅਤੇ ੳਹਨਾਂ ਦੇ 6 ਬੱਚੇ ਸਨ। ਰਫੀ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਇਮਾਰਤ ਖਸਤਾ ਹੈ ਤਾਂ ਉਹ ਪਹਿਲਾਂ ਹੀ ਇਸਨੂੰ ਛੱਡ ਦਿੰਦੇ। ਰਫੀ ਅਤੇ ਉਸਦਾ ਭਰਾ ਆਪਣੇ ਪਰਿਵਾਰ ਨਾਲ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਤਿੰਨ ਛੋਟੇ-ਛੋਟੇ ਕਮਰਿਆਂ ‘ਚ ਰਹਿੰਦੇ ਸਨ।

ਇਸ ਇਮਾਰਤ ਵਿੱਚ 2-3 ਹੋਰ ਪਰਿਵਾਰ ਵੀ ਰਹਿੰਦੇ ਸਨ, ਜਿਨ੍ਹਾਂ ਵਿੱਚੋਂ 2 ਪਰਿਵਾਰ ਪਹਿਲਾਂ ਹੀ ਇਮਾਰਤ ਛੱਡ ਕੇ ਜਾ ਚੁਕੇ ਸਨ। BMC ਦੇ ਅਨੁਸਾਰ ਅਬਦੁਲ ਹਮੀਦ ਰੋਡ ’ਤੇ ਸਥਿਤ ਨਿਊ ਕਲੈਕਟਰ ਕੰਪਾਉਂਡ ‘ਚ ਬਣੀ ਇਹ ਇਮਾਰਤ ਬਾਰਸ਼ ਤੋਂ ਪਹਿਲਾਂ ਹੀ ਚੱਕਰਵਾਤ ‘ਤਾਉ ਤੇ’ ਦੌਰਾਨ ਕਮਜ਼ੋਰ ਹੋ ਗਈ ਸੀ। ਕੁਝ ਦਿਨ ਪਹਿਲਾਂ BMC ਨੇ ਸੈਂਕੜੇ ਇਮਾਰਤਾਂ ਦਾ ਸਟ੍ਰਕਚਰਲ ਆਡਿਟ ਕਰਕੇ 21 ਇਮਾਰਤਾਂ ਨੂੰ ਖ਼ਤਰਨਾਕ ਘੋਸ਼ਿਤ ਕੀਤਾ ਸੀ। ਹਾਲਾਂਕਿ ਇਹ ਇਮਾਰਤ ਉਸ ਲਿਸਟ ‘ਚ ਨਹੀਂ ਸੀ।

ਇਹ ਵੀ ਪੜ੍ਹੋ-ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ

ਇਸ ਮਾਮਲੇ ’ਤੇ ਭਾਜਪਾ ਨੇਤਾ ਰਾਮ ਕਦਮ ਨੇ ਕਿਹਾ ਕਿ ਇਸ ਦੀ ਜ਼ਿੰਮੇਵਾਰ ਸ਼ਿਵ ਸੇਨਾ ਸਰਕਾਰ ਹੈ, ਜਿਸਦੀ ਲਾਪਰਵਾਹੀ ਨਾਲ ਹੀ ਇਹ ਹਾਦਸਾ ਵਾਪਰਿਆ। ਇਹ ਕੋਈ ਹਾਦਸਾ ਨਹੀਂ ਬਲਕਿ ਕਤਲ ਹੈ। ਇਸ ਤੋਂ ਬਾਅਦ, ਸਰਕਾਰ ਨੇ ਪੀੜਤਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।