ਅਸਾਮ 'ਚ ਤਾਇਨਾਤ ਆਈਪੀਐਸ ਅਧਿਕਾਰੀ ਦਾ ਭਰਾ ਬਣਿਆ ਹਿਜ਼ਬੁਲ ਦਾ ਅਤਿਵਾਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਸਾਮ ਵਿਚ ਤਾਇਨਾਤ ਇਕ ਆਈਪੀਐਸ ਅਧਿਕਾਰੀ ਦੇ ਭਰਾ ਦੀ ਤਸਵੀਰ ਕਸ਼ਮੀਰ ਵਿਚ ਵਾਇਰਲ ਹੋਈ, ਜਿਸ ਵਿਚ ਉਹ ਏਕੇ-47 ਲਈ ਖੜ੍ਹਾ...

Hizbul militants

ਗੁਹਾਟੀ : ਅਸਾਮ ਵਿਚ ਤਾਇਨਾਤ ਇਕ ਆਈਪੀਐਸ ਅਧਿਕਾਰੀ ਦੇ ਭਰਾ ਦੀ ਤਸਵੀਰ ਕਸ਼ਮੀਰ ਵਿਚ ਵਾਇਰਲ ਹੋਈ, ਜਿਸ ਵਿਚ ਉਹ ਏਕੇ-47 ਲਈ ਖੜ੍ਹਾ ਦਿਖਾਈ ਦੇ ਰਿਹਾ ਹੈ ਅਤੇ ਦਸਿਆ ਜਾ ਰਿਹਾ ਹੈ ਕਿ ਉਹ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਲ ਹੋ ਗਿਆ ਹੈ। 25 ਸਾਲ ਦੇ ਇਸ ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ ਵਿਚ ਆਉਣ ਤੋਂ ਬਾਅਦ ਅਸਾਮ ਦੇ ਕਈ ਪੁਲਿਸ ਕਰਮੀ ਅਤੇ ਉਨ੍ਹਾਂ ਦੇ ਪਰਵਾਰ ਦੇ ਲੋਕ ਹੈਰਾਨ ਹਨ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੇ ਵਿਚਕਾਰ ਤਾਇਨਾਤ ਇਕ ਅਧਿਕਾਰੀ ਦਾ ਭਰਾ ਹੁਣ ਅਤਿਵਾਦੀ ਹੈ। ਇਸ ਨੌਜਵਾਨ ਦਾ ਨਾਮ ਸ਼ੈਮਸੁਲ ਹੈ ਅਤੇ ਇਸ ਦੇ ਵੱਡੇ ਭਰਾ ਇਨਾਮ ਉਲ ਹੱਕ ਮੇਂਗਨੂ 2012 ਬੈਚ ਦੇ ਆਈਪੀਐਸ ਅਧਿਕਾਰੀ ਹਨ।

ਉਨ੍ਹਾਂ ਨੂੰ ਅਸਾਮ-ਮੇਘਾਲਿਆ ਕਾਡਰ ਮਿਲਿਆ ਹੋਇਆ ਹੈ ਅਤੇ ਅਜੇ ਉਨ੍ਹਾਂ ਦੀ ਤਾਇਨਾਤੀ ਅਸਾਮ ਪੁਲਿਸ ਕਮਾਂਡੋ ਬਟਾਲੀਅਨ ਵਿਚ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ੈਮਸੁਲ ਹੱਕ ਮੇਂਗਨੂ 22 ਮਈ ਨੂੰ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਲ ਹੋਇਆ ਹੈ। ਇਸੇ ਦਿਨ ਤੋਂ ਉਹ ਗ਼ਾਇਬ ਸੀ। ਉਸ ਨੂੰ ਅਤਿਵਾਦੀ ਸੰਗਠਨ ਵਲੋਂ ਇਕ ਕੋਡ ਨੇਮ 'ਬੁਰਹਾਨ ਸਾਨੀ' ਦਿਤਾ ਗਿਆ ਹੈ। ਸ਼ੈਮਸੁਲ ਇਸ ਸਮੇਂ ਜੰਮੂ ਕਸ਼ਮੀਰ ਦੇ ਇਕ ਸਰਕਾਰੀ ਕਾਲਜ ਵਿਚ ਮੈਡੀਕਲ ਸਰਜਰੀ ਵਿਚ ਗਰੈਜੂਏਸ਼ਨ ਕਰ ਰਿਹਾ ਹੈ ਅਤੇ ਉਥੋਂ ਉਹ ਗ਼ਾਇਬ ਹੋਇਆ ਸੀ। ਸ਼ੈਮਸੁਲ ਸ਼ੋਪੀਆਂ ਜ਼ਿਲ੍ਹੇ ਦੇ ਦ੍ਰਗੌੜ ਪਿੰਡ ਦਾ ਰਹਿਣ ਵਾਲਾ ਹੈ। ਹਾਲਾਂਕਿ ਅਜੇ ਤਕ ਉਸ ਦੇ ਬਾਰੇ ਵਿਚ ਪੁਲਿਸ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿਤੀ ਗਈ ਹੈ।

ਉਥੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇੱਥੇ ਕੋਈ ਵਿਅਕਤੀ ਅਤਿਵਾਦੀ ਸੰਗਠਨ ਵਿਚ ਸ਼ਾਮਲ ਹੁੰਦਾ ਹੈ ਤਾਂ ਉਹ ਸੋਸ਼ਲ ਮੀਡੀਆ ਵਿਚ ਬੰਦੂਕ ਲਹਿਰਾਉਂਦੇ ਹੋਏ ਤਸਵੀਰ ਸ਼ੇਅਰ ਕਰਦਾ ਹੈ। ਦਸ ਦਈਏ ਕਿ ਅਸਾਮ ਵਿਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਹੋਰ ਨੌਜਵਾਨ ਤਾਂ ਨਹੀਂ ਹਿਜ਼ਬੁਲ ਦੇ ਜਾਲ ਵਿਚ ਫਸ ਰਹੇ? ਜੇਕਰ ਅਜਿਹਾ ਹੈ ਤਾਂ ਇਹ ਸੁਰੱਖਿਆ ਲਈ ਵੱਡਾ ਖ਼ਤਰਾ ਹੋ ਸਕਦਾ ਹੈ ਕਿਉਂਕਿ ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਨੌਜਵਾਨਾਂ ਨੂੰ ਭਰਮਾ ਕੇ ਅਪਣੇ ਜਾਲ ਵਿਚ ਫਸਾ ਰਹੇ ਹਨ ਅਤੇ ਉਨ੍ਹਾਂ ਨੂੰ ਅਪਣੀ ਸੰਗਠਨ ਵਿਚ ਭਰਤੀ ਕਰ ਰਹੇ ਹਨ।