ਇਰਾਕ ਦੇ ਮੋਸੁਲ ਤੋਂ 5200 ਲਾਸ਼ਾਂ ਬਰਾਮਦ, 2658 ਆਮ ਨਾਗਰਿਕ ਅਤੇ 2570 ਲਾਸ਼ਾਂ ਅਤਿਵਾਦੀਆਂ ਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਰਾਕ ਦੇ ਮੋਸੁਲ ਸ਼ਹਿਰ ਵਿਚ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਤੋਂ ਬੀਤੇ ਮਹੀਨੇ 5200 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੋਸੁਲ ਨਗਰ ਪਾਲਿਕਾ ਦੇ ਲਾਈਥ....

Mosul of Iraq

ਨਵੀਂ ਦਿੱਲੀ : ਇਰਾਕ ਦੇ ਮੋਸੁਲ ਸ਼ਹਿਰ ਵਿਚ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਤੋਂ ਬੀਤੇ ਮਹੀਨੇ 5200 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੋਸੁਲ ਨਗਰ ਪਾਲਿਕਾ ਦੇ ਲਾਈਥ ਜੈਨੀ ਦਾ ਕਹਿਣਾ ਹੈ ਕਿ ਬੀਤੇ ਮਹੀਨੇ 5228 ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿਚ 2658 ਨਾਗਰਿਕਾਂ ਦੀਆਂ ਲਾਸ਼ਾਂ ਹਨ, ਜਦਕਿ 2570 ਇਸਲਾਮਕ ਸਟੇਟ ਦੇ ਅਤਿਵਾਦੀਆਂ ਦੀ ਹਨ। ਜੈਨੀ ਨੇ ਕਿਹਾ ਕਿ ਅਸੀਂ ਸ਼ਵਾਨ ਸ਼ਹਿਰ ਵਿਚ ਮਲਬੇ ਤੋਂ ਛੇ ਅਣਪਛਾਤੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸਾਡਾ ਮੰਨਣਾ ਹੈ ਕਿ ਮਲਬੇ ਵਿਚ ਅਜੇ 500 ਤੋਂ 700 ਤਕ ਲਾਸ਼ਾਂ ਹੋਰ ਹੋ ਸਕਦੀਆਂ ਹਨ।

ਜੈਨੀ ਦਾ ਕਹਿਣਾ ਹੈ ਕਿ ਆਈਐਸ ਅਤਿਵਾਦੀਆਂ ਦੀਆਂ ਲਾਸ਼ਾਂ ਦੀ ਪਹਿਚਾਣ ਹੋਣ ਤੋਂ ਬਾਅਦ ਇਨ੍ਹਾਂ ਨੂੰ ਅਲੱਗ ਕਬਰਸਤਾਨ ਵਿਚ ਦਫ਼ਨਾਇਆ ਜਾਵੇਗਾ। ਇਰਾਕੀ ਪ੍ਰਧਾਨ ਮੰਤਰੀ ਅਲ ਆਬਾਦੀ ਵਲੋਂ ਅਤਿਵਾਦੀਆਂ ਨੂੰ ਜਲਦ ਫਾਂਸੀ ਦਿਤੇ ਜਾਣ ਦੇ ਨਿਰਦੇਸ਼ ਤੋਂ ਬਾਅਦ ਇਰਾਕ ਵਿਚ ਅਤਿਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੇ ਦੋਸ਼ੀ 12 ਅਤਿਵਾਦੀਆਂ ਨੂੰ ਫਾਂਸੀ ਦੇ ਦਿਤੀ ਗਈ। ਖ਼ਬਰ ਏਜੰਸੀ ਮੁਤਾਬਕ ਇਸਲਾਮਕ ਸਟੇਟ ਦੇ ਮੈਂਬਰਾਂ ਵਲੋਂ ਹਾਲ ਹੀ ਵਿਚ ਅਗਵਾ ਅਤੇ ਅੱਠ ਸੁਰੱਖਿਆ ਕਰਮੀਆਂ ਦੀ ਹੱÎਤਿਆ ਕਰਨ ਦੇ ਜਵਾਬ ਵਿਚ ਇਹ ਕਦਮ ਉਠਾਇਆ ਗਿਆ ਹੈ।

ਅਲ ਆਬਾਦੀ ਦੇ ਨਿਰਦੇਸ਼ 'ਤੇ ਬੀਤੇ ਦਿਨੀਂ ਅਤਿਵਾਦੀਆਂ ਨੂੰ ਫਾਂਸੀ ਦਿਤੀ ਗਈ ਹੈ। ਇਰਾਕੀ ਫ਼ੌਜ ਨੇ ਬੁਧਵਾਰ ਨੂੰ ਇਰਾਕ ਵਿਚ ਦਿਆਲਾ ਅਤੇ ਸਲਾਹੂਦੀਨ ਦੀ ਸੂਬਾਈ ਸਰਹੱਦ ਦੇ ਵਿਚਕਾਰ ਸਰਹਾ ਪਿੰਡ ਵਿਚ ਆਈਐਸ ਦੁਆਰਾ ਅਗਵਾ ਕੀਤੇ ਗਏ ਅੱਠ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਇਹ ਲਾਸ਼ਾਂ ਪੁਲਿਸ ਮੁਲਾਜ਼ਮਾਂ ਅਤੇ ਹੋਰ ਅਰਧ ਸੈਨਿਕ ਦਸਤੇ ਹਸ਼ਦ ਸ਼ਾਬੀ ਬਲ ਦੇ ਮੈਂਬਰਾਂ ਦੀਆਂ ਸਨ। ਦਸ ਦਈਏ ਕਿ ਬੀਤੇ ਕੁੱਝ ਮਹੀਨੇ ਪਹਿਲਾਂ ਇਰਾਕ ਦੀ ਫ਼ੌਜ ਨੇ ਮੋਸੁਲ ਵਿਚ ਅਤਿਵਾਦੀਆਂ ਨੂੰ ਮਾਰ ਮੁਕਾਇਆ ਸੀ ਅਤੇ ਅਪਣਾ ਕਬਜ਼ਾ ਵਾਪਸ ਲੈ ਲਿਆ ਸੀ।

ਇਸ ਲੜਾਈ ਦੌਰਾਨ ਅਮਰੀਕੀ ਫ਼ੌਜ ਵੀ ਉਸ ਦਾ ਸਾਥ ਦੇ ਰਹੀ ਸੀ। ਇਰਾਕ ਅਤੇ ਸੀਰੀਆ ਵਿਚ ਇਸਲਾਮਕ ਸਟੇਟ ਨਾਲ ਲੜ ਰਹੀ ਅਮਰੀਕਾ ਦੀ ਅਗਵਾਈ ਵਾਲੀ ਫ਼ੌਜ ਨੇ ਇਕੋ ਜਿਹੀ ਰਣਨੀਤੀ ਅਪਣਾਈ, ਉਥੇ ਵੱਡੀ ਗਿਣਤੀ ਵਿਚ ਅਮਰੀਕੀ ਫ਼ੌਜੀਆਂ ਨੂੰ ਉਤਾਰਨ ਦੀ ਬਜਾਏ ਆਈਐਸ 'ਤੇ ਦੋ ਤਰਫ਼ੇ ਵਾਰ ਕੀਤੇ ਜਾ ਰਹੇ ਸਨ। ਇਕ ਪਾਸੇ ਤਾਂ ਉਨ੍ਹਾਂ 'ਤੇ ਹਵਾਈ ਹਮਲੇ ਕੀਤੇ ਜਾ ਰਹੇ ਸਨ ਤਾਂ ਦੂਜੇ ਪਾਸੇ ਜ਼ਮੀਨੀ ਪੱਧਰ 'ਤੇ ਲੜਾਈ ਲੜੀ ਜਾ ਰਹੀ ਸੀ।

ਪੈਂਟਾਗਨ ਨੇ ਇਰਾਕ ਵਿਚ ਵੱਡੀ ਜਿੱਤ ਦਾ ਸਿਹਰਾ ਇਰਾਕੀ ਫ਼ੌਜ ਦੇ ਸਿਰ ਸਜਾਇਆ ਸੀ। 2008 ਤੋਂ 2011 ਦੇ ਵਿਚਕਾਰ ਇਰਾਕੀ ਫ਼ੌਜ ਨੂੰ ਅਮਰੀਕੀ ਸਿਖ਼ਲਾਈ ਦਿਤੀ ਗਈ ਸੀ ਪਰ ਉਹ ਜ਼ਿਆਦਾਤਰ ਵਿਦਰੋਹੀਆਂ ਨੂੰ ਸੰਭਾਲਣ 'ਤੇ ਕੇਂਦਰਤ ਸੀ ਜਦਕਿ ਇੱਥੇ ਮੁਕਾਬਲਾ ਆਈਐਸ ਵਰਗੇ ਖ਼ਤਰਨਾਕ ਅਤਿਵਾਦੀਆਂ ਨਾਲ ਸੀ ਪਰ ਫਿਰ ਵੀ ਇਰਾਕੀ ਫ਼ੌਜ ਨੇ ਅਪਣੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ।