ਮੋਦੀ ਸਰਕਾਰ ਨੇ ਵਧਾਈ ਇਹਨਾਂ ਤਿੰਨ ਸਕੀਮਾਂ ਦੀ ਮਿਆਦ, ਕਰੋੜਾਂ ਲੋਕਾਂ ਨੂੰ ਨਵੰਬਰ ਤੱਕ ਰਾਹਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਨੂੰ ਦੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਅਹਿਮ ਡੈੱਡਲਾਈਨਾਂ ਵਧਾ ਦਿੱਤੀਆਂ ਹਨ।

PM Modi

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਨੂੰ ਦੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਅਹਿਮ ਡੈੱਡਲਾਈਨਾਂ ਵਧਾ ਦਿੱਤੀਆਂ ਸੀ। ਇਹਨਾਂ ਦਾ ਸਬੰਧ ਆਮ ਆਦਮੀ ਦੀ ਜੇਬ ਨਾਲ ਹੈ। ਇਸ ਲਈ ਇਸ ਦਾ ਫਾਇਦਾ ਕਰੋੜਾਂ ਲੋਕਾਂ ਨੂੰ ਮਿਲਣ ਵਾਲਾ ਹੈ।

ਸਤੰਬਰ ਤੱਕ ਮੁਫ਼ਤ ਸਿਲੰਡਰ

ਸਰਕਾਰ ਦੀ ਉਜਵਲਾ ਯੋਜਨਾ ਦੇ ਸੱਤ ਕਰੋੜ ਤੋਂ ਜ਼ਿਆਦਾ ਲਾਭਪਾਰਤੀਆਂ ਨੂੰ ਮੁਫਤ ਸਿਲੰਡਰ ਦੇਣ ਦੀ ਸਹੂਲਤ ਦੀ ਮਿਆਦ ਨੂੰ ਸਤੰਬਰ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਯੋਜਨਾ ਦੇ ਤਹਿਤ ਤਿੰਨ ਮਹੀਨੇ ਹੋਰ ਮੁਫਤ ਸਿਲੰਡਰ ਦੇਣ ‘ਤੇ 13,500 ਕਰੋੜ ਰੁਪਏ ਦਾ ਖਰਚ ਆਵੇਗਾ।

ਦੱਸ ਦਈਏ ਕਿ ਸਰਕਾਰ ਨੇ ਕੋਰੋਨਾ ਸੰਕਟ ਅਤੇ ਲੌਕਡਾਊਨ ਦੇ ਮੱਦੇਨਜ਼ਰ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਅਪ੍ਰੈਲ ਤੋਂ ਜੂਨ ਤੱਕ ਤਿੰਨ ਸਿਲੰਡਰ ਮੁਫਤ ਦੇਣ ਦਾ ਐਲਾਨ ਕੀਤਾ ਸੀ। ਉਜਵਲਾ ਦੇ ਤਹਿਤ ਦੇਸ਼ ਦੀਆਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਨਾਮ ‘ਤੇ ਮੁਫ਼ਤ ਗੈਸ ਕਨੈਕਸ਼ਨ ਦਿੱਤੇ ਗਏ ਸੀ।

ਅਗਸਤ ਤੱਕ ਪੀਐਫ ਦੀ ਰਕਮ ਦੇਵੇਗੀ ਸਰਕਾਰ

ਕੇਂਦਰ ਸਰਕਾਰ ਅਗਸਤ ਤੱਕ ਮਾਲਕਾਂ ਅਤੇ ਕਰਮਚਾਰੀਆਂ ਦੇ ਹਿੱਸੇ ਦਾ 12-12 ਫੀਸਦੀ ਪੀਐਫ ਅਮਾਊਂਟ ਖੁਦ ਦੇਵੇਗੀ। ਇਹ ਯੋਜਨਾ ਸਿਰਫ ਉਹਨਾਂ ਸੰਸਥਾਵਾਂ ਲਈ ਹੈ ਜਿੱਥੇ ਕਰਮਚਾਰੀਆਂ ਦੀ ਗਿਣਤੀ 100 ਤੱਕ ਹੈ ਅਤੇ ਉਹਨਾਂ ਵਿਚ 90 ਫੀਸਦੀ ਦੀ ਤਨਖ਼ਾਹ 15,000 ਰੁਪਏ ਪ੍ਰਤੀ ਮਹੀਨੇ ਤੋਂ ਜ਼ਿਆਦਾ ਨਹੀਂ ਹੈ। ਦੱਸ ਦਈਏ ਕਿ ਸਰਕਾਰ ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਸਹੂਲਤ ਦੇ ਰਹੀ ਹੈ। ਸਰਕਾਰ ਦੇ ਇਸ ਫੈਸਲੇ ਨਾਲ 3.67 ਲੱਖ ਮਾਲਕਾਂ ਅਤੇ 72.22 ਲੱਖ ਕਰਮਚਾਰੀਆਂ ਨੂੰ ਰਾਹਤ ਮਿਲੇਗੀ।

ਨਵੰਬਰ ਤੱਕ ਮੁਫਤ ਅਨਾਜ

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਹੋਰ ਪੰਜ ਮਹੀਨੇ ਜੁਲਾਈ ਤੋਂ ਨਵੰਬਰ 2020 ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਤਹਿਤ ਸਾਰੇ ਲਾਭਪਾਰਤੀ ਪਰਿਵਾਰਾਂ ਨੂੰ ਮੁਫ਼ਤ ਅਨਾਜ ਤੋਂ ਇਲਾਵਾ ਅਗਲੇ ਪੰਜ ਮਹੀਨਿਆਂ- ਜੁਲਾਈ ਤੋਂ ਨਵੰਬਰ 2020 ਤੱਕ ਪ੍ਰਤੀ ਮਹੀਨੇ 1 ਕਿਲੋ ਛੋਲੇ ਮੁਫਤ ਵੰਡੇ ਜਾਣਗੇ।