ਡੇਰਾ ਸਿਰਸਾ ਮੁਖੀ ਨੂੰ ਬਚਾਉਣ ਲਈ ਭਗਤਾਂ ਦਾ ਨਵਾਂ ਪੈਂਤਰਾ, ਇਕੱਠਾ ਕੀਤਾ 200 ਕਰੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਭਗਤ ਅਜੇ ਵੀ ਉਸ ਨੂੰ ਜੇਲ੍ਹ ਵਿਚੋਂ ਬਾਹਰ ਕਢਵਾਉਣ ਦੇ ਪੈਂਤਰੇ ਅਜ਼ਮਾਉਣ ਤੋਂ ਬਾਜ ਨਹੀਂ ਆ ਰਹੇ ਹਨ

Gurmeet Ram Rahim

ਚੰਡੀਗੜ੍ਹ, ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਭਗਤ ਅਜੇ ਵੀ ਉਸ ਨੂੰ ਜੇਲ੍ਹ ਵਿਚੋਂ ਬਾਹਰ ਕਢਵਾਉਣ ਦੇ ਪੈਂਤਰੇ ਅਜ਼ਮਾਉਣ ਤੋਂ ਬਾਜ ਨਹੀਂ ਆ ਰਹੇ ਹਨ। ਰਾਮ ਰਹੀਮ ਦੇ ਸਾਰੇ ਦੋਸ਼ ਸਾਬਿਤ ਹੋ ਚੁੱਕੇ ਹਨ ਅਤੇ ਰਹਿੰਦੇ ਸਮੇਂ ਹੋਰ ਵੀ ਕੀਤੇ ਜੁਰਮ ਸਾਹਮਣੇ ਆ ਰਹੇ ਹਨ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਰਾਮ ਰਹੀਮ ਨੂੰ ਅਜੇ ਵੀ ਲੋਕ ਆਪਣਾ ਗੁਰੂ ਮੰਨ ਰਹੇ ਹਨ ਅਤੇ ਉਸਨੂੰ ਬਚਾਉਣ ਲਈ ਹਰ ਹੱਦ ਟੱਪਣ ਨੂੰ ਤਿਆਰ ਹੋਏ ਬੈਠੇ ਹਨ। ਸੁਨਾਰੀਆ ਜੇਲ੍ਹ ਵਿਚ ਸਜਾ ਕੱਟ ਰਹੇ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਡੇਰਾ ਸਿਰਸਾ ਦੇ ਸਮਰਥਕ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿਚ ਫਸਦੇ ਨਜ਼ਰ ਆ ਰਹੇ ਹਨ|

ਹਾਲ ਦੀ ਘੜੀ ਵਿਚ ਸਾਹਮਣੇ ਆਈਆਂ ਮੀਡਿਆ ਰੀਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਜ਼ਾਦ ਕਰਵਾਉਣ ਲਈ ਇਕ ਨਵੀ ਸਾਜਿਸ਼ ਰਚੀ ਜਾ ਰਹੀ ਹੈ ਜਿਸਦੇ ਤਹਿਤ ਡੇਰਾ ਸਮਰਥਕਾਂ ਦੀ ਇਕ ਕਮੇਟੀ ਨੇ ਸੌਦਾ ਸਾਧ ਨੂੰ ਜੇਲ ਵਿੱਚੋ ਆਜ਼ਾਦ ਕਰਵਾਉਣ ਲਈ ਪੈਸੇ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਹੁਣ ਤਕ 200 ਕਰੋੜ ਰੁਪਏ ਦਾ ਧੰਨ ਇਕੱਠਾ ਕਰ ਲਿਆ ਹੈ | ਸੂਤਰਾਂ ਤੋਂ ਪਤਾ ਲਗਾ ਹੈ ਕਿ ਇਸ ਧੰਨ ਦੀ ਕੋਈ ਬੈਂਕ ਟ੍ਰਾਂਜੈਕਸ਼ਨ ਸ਼ੋ ਨਹੀਂ ਹੁੰਦੀ ਜਿਸ ਸਦਕਾ ਇਹ ਸਾਰਾ ਧਨ ਕਾਲਾ ਹੈ|

ਤੁਹਾਨੂੰ ਦੱਸ ਦੇਈਏ ਕਿ ਸਿਰਸਾ ਡੇਰਾ ਦੀ ਪ੍ਰਬੰਧਕ ਵਿਪਾਸਨਾ ਚਾਵਲਾ ਅਤੇ ਸ਼ੋਭਾ ਗੇਰਾ ਨੇ 45 ਮੈਂਬਰੀ ਕਮੇਟੀ ਦਾ ਗਠਨ ਕਰ ਇਹ ਕਾਲਾ ਧਨ ਇਕੱਠਾ ਕੀਤਾ ਹੈ| ਇਸਦੇ ਨਾਲ ਕੁਝ ਤੱਥ ਵੀ ਸਾਹਮਣੇ ਆਏ ਹਨ ਜਿਸ ਤੋਂ ਇਹ ਸੰਭਾਵਨਾ ਪੈਦਾ ਹੋ ਰਹੀ ਹੈ ਕਿ ਇਹ ਸਾਰਾ ਧਨ ਰਾਮ ਰਹੀਮ ਨੂੰ ਜੇਲ੍ਹ ਚੋਂ ਛੁਡਾਉਣ ਦੇ ਨਾਮ 'ਤੇ ਇਕੱਠਾ ਕਰ ਡੇਰਾ ਸਮਰਥਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ| ਕਿਉਂ ਕਿ ਇਸ ਕਮੇਟੀ ਨੂੰ ਚਲਾਉਣ ਵਾਲੇ ਆਗੂ ਹਾਲ ਹੀ ਵਿਚ ਵਿਦੇਸ਼ ਯਾਤਰਾ ਕਰਦੇ ਨਜ਼ਰ ਆਏ ਹਨ ਅਤੇ ਸੰਭਾਵਨਾ ਹੈ ਕਿ ਇਹ ਆਗੂ ਲੋਕਾਂ ਦੀ ਸ਼ਰਧਾ ਦੇ ਸਹਾਰੇ ਆਪਣੇ ਲੋਭ ਦਾ ਮਹਿਲ ਬਣਾਉਣਾ ਚਾਹੁੰਦੇ ਹਨ |

ਇਸਦੇ ਨਾਲ ਹੀ ਜੇ ਅਦਾਲਤ ਦੇ ਆਦੇਸ਼ਾਂ ਵੱਲ ਦੇਖਿਆ ਜਾਵੇ ਤਾਂ ਰਾਮ ਰਹੀਮ ਨੂੰ 7 ਸਾਲ ਤੋਂ ਪਹਿਲਾਂ ਜ਼ਮਾਨਤ ਨਹੀਂ ਮਿਲ ਸਕਦੀ ਅਤੇ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਰਾਮ ਰਹੀਮ ਨੇ ਖੁਦ  ਜ਼ਮਾਨਤ ਵਾਲੇ ਕਾਗਜ਼ 'ਤੇ ਦਸਤਖਤ ਕਰਨ ਤੋਂ ਮਨਾ ਕਰ ਦਿੱਤਾ ਹੈ | ਲੋਕਾਂ ਦੀ ਸ਼ਰਧਾ ਦਾ ਨਜਾਇਜ਼ ਫਾਇਦਾ ਚੁੱਕਣਾ ਅਤੇ ਇਸ ਤਰ੍ਹਾਂ ਕਾਲਾ ਧਨ ਇਕੱਠਾ ਕਰਨਾ ਬਹੁਤ ਵੱਡਾ ਅਪਰਾਧ ਹੈ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਇਸਦੀ ਤਹਿ ਤਕ ਪਹੁੰਚੇ ਅਤੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰੇ |