ਥਾਰ ਐਕਸਪ੍ਰੈਸ ਨੂੰ ਪਾਕਿਸਤਾਨ ਤੋਂ ਮਿਲੀ ਮਨਜੂਰੀ
ਕਰਾਚੀ ਜਾਣ ਵਾਲੀ ਥਾਰ ਐਕਸਪ੍ਰੈਸ ਨੂੰ ਗੁਆਂਢੀ ਦੇਸ਼ ਵਿਚ ਅੱਗੇ ਦੀ ਯਾਤਰਾ ਲਈ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਮਨਜੂਰੀ ਮਿਲ ਗਈ ਹੈ।
ਨਵੀਂ ਦਿੱਲੀ: ਕਰਾਚੀ ਜਾਣ ਵਾਲੀ ਥਾਰ ਐਕਸਪ੍ਰੈਸ ਨੂੰ ਗੁਆਂਢੀ ਦੇਸ਼ ਵਿਚ ਅੱਗੇ ਦੀ ਯਾਤਰਾ ਲਈ ਸ਼ਨੀਵਾਰ ਨੂੰ ਪਾਕਿਸਤਾਨ ਤੋਂ ਮਨਜੂਰੀ ਮਿਲ ਗਈ ਹੈ। ਇਸ ਟ੍ਰੇਨ ਵਿਚ 165 ਯਾਤਰੀ ਸਵਾਰ ਹਨ। ਇਸ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਟਰੇਨ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸੀਮਾ ‘ਤੇ ਸਥਿਤ ਜ਼ੀਰੋ ਪੁਆਇੰਟ ‘ਤੇ ਪਹੁੰਚੇਗੀ, ਜਿਸ ਤੋਂ ਬਾਅਦ ਯਾਤਰੀਆਂ ਨੂੰ ਟ੍ਰਾਂਸਫਰ ਕੀਤਾ ਜਾਵੇਗਾ।
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਸ ਨੇ ਭਾਰਤ ਲਈ ਸਾਰੀਆਂ ਟਰੇਨਾਂ ਰੋਕ ਦਿੱਤੀਆਂ ਹਨ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਇਸਲਾਮਾਬਾਦ ਵਿਚ ਐਲਾਨ ਕੀਤਾ ਸੀ ਕਿ ਇਹ ਆਖ਼ਰੀ ਜੋਧਪੁਰ ਕਰਾਚੀ ਟਰੇਨ ਹੋਵੇਗੀ। ਜ਼ਿਕਰਯੋਗ ਹੈ ਕਿ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਧਾਰਾ 370 ਹਟਾਉਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਤੋਂ ਬਾਅਦ ਹੁਣ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਦੂਜੀ ਟ੍ਰੇਨ ਸੇਵਾ ਥਾਰ ਐਕਸਪ੍ਰੈਸ ਵੀ ਰੋਕ ਦਿੱਤੀ ਸੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਪਾਕਿਸਤਾਨ ਨੇ ਸਮਝੌਤਾ ਟ੍ਰੇਨ ਸੇਵਾ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਫੈਸਲਾ ਲਿਆ ਸੀ। ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਇਹ ਐਲਾਨ ਕੀਤਾ। ਥਾਰ ਐਕਸਪ੍ਰੈਸ ਹਫਤੇ ਵਿਚ ਇਕ ਵਾਰ ਚੱਲਣ ਵਾਲੀ ਟ੍ਰੇਨ ਹੈ। ਪਾਕਿਸਤਾਨ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣ ਅਤੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਕਾਰਨ ਭਾਰਤ ਦੇ ਫ਼ੈਸਲੇ ਨੂੰ ਲੈ ਕੇ ਸਰਹੱਦ ਤੋਂ ਪਾਰ ਦੀਆਂ ਦੋ ਟਰੇਨਾਂ ਨੂੰ ਬੰਦ ਕਰਨ ਤੋਂ ਬਾਅਦ ਲਾਹੌਰ-ਦਿੱਲੀ ਬੱਸ ਸੇਵਾ ਵੀ ਬੰਦ ਕਰ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।