‘ਕਸ਼ਮੀਰੀ ਬਹੂ’ ਵਾਲਾ ਬਿਆਨ ਦੇ ਕੇ ਬੁਰੇ ਫਸੇ ਹਰਿਆਣਾ ਦੇ ਸੀਐਮ, ਰਾਹੁਲ ਗਾਂਧੀ ਨੇ ਕੀਤੀ ਨਿਖੇਧੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਨੂੰ ਇਕ ਸਮਾਰੋਹ ਵਿਚ ਕਿਹਾ ਕਿ ਹੁਣ ਹਰਿਆਣਾ ਦੇ ਲੋਕ ਵੀ ‘ਕਸ਼ਮੀਰੀ ਬਹੂ’ ਲਿਆ ਸਕਦੇ ਹਨ।
ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ੁੱਕਰਵਾਰ ਨੂੰ ਇਕ ਸਮਾਰੋਹ ਵਿਚ ਕਿਹਾ ਕਿ ਹੁਣ ਹਰਿਆਣਾ ਦੇ ਲੋਕ ਵੀ ‘ਕਸ਼ਮੀਰੀ ਬਹੂ’ ਲਿਆ ਸਕਦੇ ਹਨ। ਉਹਨਾਂ ਨੇ ਕਿਹਾ 'ਸਾਡੇ ਮੰਤਰੀ ਓਪੀ ਧਨਖੜ ਅਕਸਰ ਕਹਿੰਦੇ ਹਨ ਕਿ ਉਹ ਬਿਹਾਰ ਤੋਂ 'ਬਹੂ' ਲਿਆਉਣਗੇ। ਹੁਣ ਅੱਜਕੱਲ ਲੋਕ ਕਹਿ ਰਹੇ ਹਨ ਕਿ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ। ਹੁਣ ਅਸੀਂ ਕਸ਼ਮੀਰ ਤੋਂ ਬਹੂ ਲਿਆਵਾਂਗੇ।
ਇਸ ਤੋਂ ਪਹਿਲਾਂ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੇ ਭਾਜਪਾ ਵਿਧਾਇਕ ਵਿਕਰਮ ਸੈਣੀ ਨੇ ਹੁਣ ਧਾਰਾ 370 ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਸੈਣੀ ਨੇ ਕਿਹਾ ਸੀ ਕਿ ਦੇਸ਼ ਦੇ ਮੁਸਲਮਾਨਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਹ ਹੁਣ ਬਿਨ੍ਹਾਂ ਕਿਸੇ ਡਰ ਦੇ ‘ਗੋਰੀ ਕਸ਼ਮੀਰੀ ਲੜਕੀਆਂ’ ਨਾਲ ਵਿਆਹ ਕਰਾ ਸਕਦੇ ਹਨ।
ਖ਼ਬਰਾਂ ਮੁਤਾਬਕ ਖੱਟੜ ਨੇ ਇਹ ਬਿਆਨ ਫਰੀਦਾਬਾਦ ਵਿਚ ਅਯੋਜਿਤ ਇਕ ਪ੍ਰੋਗਰਾਮ ਦੌਰਾਨ ਦਿੱਤਾ ਹੈ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਹਰਿਆਣਾ ਲਿੰਗ ਅਨੁਪਾਤ ਨੂੰ ਲੈ ਕੇ ਬਦਨਾਮ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਬੱਚੀਆਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਹੈ। ਦੱਸ ਦਈਏ ਕਿ ਸਾਲ 2014 ਵਿਚ ਭਾਜਪਾ ਆਗੂ ਓਪੀ ਧਨਖ਼ੜ ਨੇ ਕਿਹਾ ਸੀ ਕਿ ਲਿੰਗ ਅਨੁਪਾਤ ਵਿਚ ਲੜਕੀਆਂ ਦੀ ਗਿਣਤੀ ਘੱਟ ਹੋਣ ਕਾਰਨ ਉਹ ਹਰਿਆਣਾ ਦੇ ਨੌਜਵਾਨਾਂ ਲਈ ਬਿਹਾਰ ਤੋਂ ਬਹੂ ਲਿਆਉਣਗੇ।
ਉੱਥੇ ਹੀ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਖੱਟੜ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਦੇ ਸੀਐਮ ਖੱਟੜ ਦਾ ਕਸ਼ਮੀਰੀ ਔਰਤਾਂ ‘ਤੇ ਬਿਆਨ ਦਿਖਾਉਂਦਾ ਹੈ ਕਿ ਆਰਐਸਐਸ ਦੀ ਸਾਲਾਂ ਦੀ ਟ੍ਰੇਨਿੰਗ ਨਾਲ ਵਿਅਕਤੀ ਅਸੁਰੱਖਿਆ, ਨਿਰਾਸ਼ਾ ਅਤੇ ਕਮਜ਼ੋਰ ਮਾਨਸਿਕਤਾ ਦਾ ਸ਼ਿਕਾਰ ਹੈ। ਉਹਨਾਂ ਕਿਹਾ ਕਿ ਔਰਤਾਂ ਜਾਇਦਾਦ ਦੀ ਤਰ੍ਹਾਂ ਨਹੀਂ ਹਨ, ਜਿਸ ਦੇ ਮਾਲਕ ਪੁਰਸ਼ ਹੋਣ। ਉੱਥੇ ਹੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਖੱਟੜ ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਕਈ ਹਸਤੀਆਂ ਅਤੇ ਆਮ ਲੋਕਾਂ ਵੱਲੋਂ ਸੀਐਮ ਖੱਟੜ ਦੀ ਨਿੰਦਾ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।