ਕਿਸਾਨਾਂ ਦੇ ਭਲੇ ਲਈ ਕੰਮ ਕਰ ਰਹੀ ਹੈ ਸਰਕਾਰ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਗੜ੍ਹੀ ਸਾਂਪਲਾ ਪਿੰਡ ਵਿਚ ਕਿਸਾਨ ਨੇਤਾ ਸਰ ਛੋਟੂ ਰਾਮ ਦੇ 64 ਫ਼ੁਟ ਉੱਚੇ ਬੁੱਤ ਤੋਂ ਪਰਦਾ ਹਟਾਇਆ......

Narendra Modi

ਸਾਂਪਲਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਗੜ੍ਹੀ ਸਾਂਪਲਾ ਪਿੰਡ ਵਿਚ ਕਿਸਾਨ ਨੇਤਾ ਸਰ ਛੋਟੂ ਰਾਮ ਦੇ 64 ਫ਼ੁਟ ਉੱਚੇ ਬੁੱਤ ਤੋਂ ਪਰਦਾ ਹਟਾਇਆ। ਇਹ ਸਰ ਛੋਟੂ ਰਾਮ ਦਾ ਪਿੰਡ ਹੈ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਗੜ੍ਹ ਵੀ ਹੈ। ਪ੍ਰਧਾਨ ਮੰਤਰੀ ਨੇ ਬਾਅਦ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਛੋਟੂ ਰਾਮ ਦੇ ਪ੍ਰਭਾਵ ਨੂੰ ਹਰਿਆਣਾ ਖੇਤਰ ਤਕ ਹੀ ਸੀਮਤ ਕਿਉਂ ਰਖਿਆ ਗਿਆ? 24 ਨਵੰਬਰ 1881 ਨੂੰ ਜਨਮੇ ਸਰ ਛੋਟੂ ਰਾਮ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ, 'ਕਿਸਾਨਾਂ ਅਤੇ ਛੋਟੇ ਵਪਾਰੀਆਂ ਲਈ ਬੈਂਕਾਂ ਦੇ ਦਰਵਾਜ਼ੇ ਖੋਲ੍ਹੇ ਗਏ ਹਨ ਤਾਕਿ ਉਨ੍ਹਾਂ ਨੂੰ ਸ਼ਾਹੂਕਾਰਾਂ ਉਤੇ ਨਿਰਭਰ ਨਾ ਰਹਿਣਾ ਪਵੇ।' ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਵਾਜਬ ਮੁਲ ਦੇ ਰਹੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਰ ਛੋਟੂ ਰਾਮ ਦੇ ਰਿਸ਼ਤੇਦਾਰ ਕੇਂਦਰੀ ਮੰਤਰੀ ਵੀਰੇਂਦਰ ਸਿੰਘ ਵੀ ਸਮਾਗਮ ਵਿਚ ਮੌਜੂਦ ਸਨ।

ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੀ ਸਮਾਗਮ ਵਿਚ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਿਨ੍ਹਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਪ੍ਰਤੀ ਗੰਭੀਰ ਹੈ ਅਤੇ ਛੇਤੀ ਹੀ ਇਹ ਪ੍ਰਾਪਤੀ ਕਰ ਲਈ ਜਾਵੇਗੀ। (ਏਜੰਸੀ) 

Related Stories