ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ 'ਚ 80 ਫ਼ੀ ਸਦੀ ਰੋਲ ਪੱਤਰਕਾਰਾਂ ਦਾ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪੰਜਾਬ 'ਚ ਹਾਲ ਹੀ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੂੰਝਾ-ਫੇਰੂ ਜਿੱਤ ਇਕ ਤਰ੍ਹਾਂ ਨਾਲ ਲੋਕ ਸਭਾ ਚੋਣਾਂ ਦਾ ਹੀ ਸੈਮੀਫ਼ਾਈਨਲ.....

Sadhu Singh Dharamsot During Interview with Spokesman

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : 'ਪੰਜਾਬ 'ਚ ਹਾਲ ਹੀ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਦੀ ਹੂੰਝਾ-ਫੇਰੂ ਜਿੱਤ ਇਕ ਤਰ੍ਹਾਂ ਨਾਲ ਲੋਕ ਸਭਾ ਚੋਣਾਂ ਦਾ ਹੀ ਸੈਮੀਫ਼ਾਈਨਲ ਹੈ। ਹੁਣ ਇਸੇ ਤਰ੍ਹਾਂ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਡੰਕੇ ਦੀ ਚੋਟ 'ਤੇ ਜਿੱਤੇਗੀ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 'ਸਪੋਕਸਮੈਨ ਟੀਵੀ' 'ਤੇ ਵਿਸ਼ੇਸ਼ ਇੰਟਰਵਿਊ ਦੌਰਾਨ ਇਹ ਦਾਅਵਾ ਕੀਤਾ। ਧਰਮਸੋਤ ਨੇ ਇਹ ਦੋਸ਼ ਨਕਾਰੇ ਕਿ ਹਾਲੀਆ ਚੋਣਾਂ 'ਚ ਕੋਈ ਧੱਕੇਸ਼ਾਹੀ ਹੋਈ ਹੈ। ਉਨ੍ਹਾਂ ਕਾਂਗਰਸ ਦੀ ਜਿੱਤ ਨੂੰ ਲੋਕਾਂ ਵਲੋਂ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕੀਤਾ ਜਾ ਰਿਹਾ ਹੋਣ ਦਾ ਨਤੀਜਾ ਦਸਿਆ।

7 ਅਕਤੂਬਰ ਨੂੰ ਲੰਬੀ ਹਲਕੇ 'ਚ ਕੀਤੀ ਜਾ ਰਹੀ ਰੈਲੀ ਬਾਰੇ ਪੁੱਛੇ ਜਾਣ 'ਤੇ ਮੰਤਰੀ ਨੇ ਕਿਹਾ ਕਿ ਅਕਾਲੀਆਂ ਵਲੋਂ ਖ਼ਾਸ 'ਨਿਜੀ ਟੀਵੀ ਚੈਨਲ' ਉਤੇ ਲਗਾਤਾਰ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਝੂਠ ਬੋਲਿਆ ਜਾ ਰਿਹਾ ਹੈ ਤੇ ਇਸ ਰੈਲੀ ਦਾ ਮੁੱਖ ਮਨੋਰਥ ਝੂਠ ਬੋਲਣ 'ਤੇ ਉਤਾਰੂ ਅਕਾਲੀਆਂ ਨੂੰ ਕੈਪਟਨ ਸਰਕਾਰ ਦੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਅਤੇ ਅਗਲੇ ਪ੍ਰੋਗਰਾਮ ਬਾਰੇ ਦੱਸ ਕੇ ਉਨ੍ਹਾਂ ਦੇ ਕੰਨ ਖੋਲ੍ਹਣਾ ਹੈ। ਧਰਮਸੋਤ ਨੇ ਦੋਸ਼ ਲਾਇਆ ਕਿ ਅਕਾਲੀ ਦਲ ਅਤੇ ਭਾਜਪਾ ਨੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਬੁਰੀ ਤਰ੍ਹਾਂ ਲਤਾੜਿਆ ਤੇ ਪਛਾੜਿਆ ਹੈ ਅਤੇ ਖ਼ੁਦ ਲੁੱਟ ਕੇ ਸੂਬੇ ਨੂੰ ਬੇਹੱਦ ਕਰਜ਼ਾਈ ਬਣਾ ਦਿਤਾ।

ਉਨ੍ਹਾਂ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦੀ ਹੀ ਹੁਣ ਤਕ ਦੀ ਕਾਰਗੁਜ਼ਾਰੀ ਹੈ ਕਿ ਪੰਜਾਬ ਮੁੜ ਪੈਰਾਂ ਸਿਰ ਹੋਣ ਲੱਗ ਪਿਆ ਹੈ। ਧਰਮਸੋਤ ਨੇ ਦਾਅਵਾ ਕੀਤਾ ਕਿ ਕੇਂਦਰ ਵਿਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ਉਭਾਰ ਅਸਲ ਵਿਚ ਮੀਡੀਆ ਦੀ ਦੇਣ ਹੈ। ਧਰਮਸੋਤ ਨੇ ਦਾਅਵਾ ਕੀਤਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਚ 80 ਫ਼ੀ ਸਦੀ ਰੋਲ ਪੱਤਰਕਾਰਾਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਵੱਧ ਪੰਥ ਅਤੇ ਪੰਜਾਬ ਨੂੰ ਕੋਈ ਪਿਆਰ ਨਹੀਂ ਕਰਦਾ। ਜਦ ਵੀ ਪੰਜਾਬ ਦੇ ਹਿਤਾਂ ਜਾਂ ਪੰਥ ਨੂੰ ਖ਼ਤਰੇ ਦੀ ਗੱਲ ਆਈ ਹੈ ਤਾਂ ਕੈਪਟਨ ਨੇ ਅਪਣੀ ਕੁਰਸੀ ਤਕ ਦੀ ਪ੍ਰਵਾਹ ਨਹੀਂ ਕੀਤੀ। 

Related Stories