ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਵਟਸਐਪ 'ਤੇ ਚੈਟ ਕਰਨਾ ਪਿਆ ਭਾਰੀ, ਹੋਏ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਯੁਧਿਆ ਕੇਸ ਦੇ ਫ਼ੈਸਲੇ ਕਰਕੇ ਸੁਰੱਖਿਆ ਦੇ ਕੀਤੇ ਗਏ ਸਨ ਸਖ਼ਤ ਇੰਤਜਾਮ

whatsapp

ਮੱਧ ਪ੍ਰਦੇਸ਼ : ਜਬਲਪੁਰ ਵਿਚ ਵਟਸਐਪ 'ਤੇ ਚੈਟਿੰਗ ਕਰਨ ਦੇ ਇਲਜ਼ਾਮਾਂ ਅਧੀਨ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਅੱਤਲ ਕੀਤੇ ਪੁਲਿਸ ਮੁਲਾਜ਼ਮਾਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਸਨਿਚਰਵਾਰ ਨੂੰ ਸੁਰੱਖਿਆ ਦੇ ਦੌਰਾਨ ਵਟਸਐਪ 'ਤੇ ਚੈਟ ਕਰ ਰਹੇ ਸਨ। ਜਿਲ੍ਹਾ ਐਸਪੀ ਅਮਿਤ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਸੁਰੱਖਿਆ ਵਿਚ ਹਾਜ਼ਰ 5 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਸਮੇਂ ਵਟਸਐਪ 'ਤੇ ਚੈਟਿੰਗ ਕਰਨ ਦੇ ਇਲਜ਼ਾਮਾਂ ਵਿਚ ਮੁਅੱਤਲ ਕਰ ਦਿੱਤਾ ਹੈ।

ਐਸਪੀ ਨੇ ਸੰਵੇਦਨਸ਼ੀਲ ਇਲਾਕਿਆਂ ਵਿਚ ਜਾਂਚ ਦੌਰਾਨ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸੋਸ਼ਲ ਮੀਡੀਆ 'ਤੇ ਰੁੱਝਿਆ ਵੇਖਿਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਅਯੁਧਿਆ ਮਾਮਲੇ ਵਿਚ ਸਨਿਚਰਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਨੂੰ ਧਿਆਨ ਵਿਚ ਰੱਖਦਿਆਂ ਸਾਵਧਾਨੀ ਦੇ ਤੌਰ 'ਤੇ ਸੁਰੱਖਿਆ ਦੇ ਬੰਦੋਬਸਤ ਸਖ਼ਤ ਕਰ ਦਿੱਤੇ ਗਏ ਸਨ। ਐਸਪੀ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ 25 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਲਗਾਏ ਗਏ ਸਨ।

ਦੱਸ ਦਈਏ ਕਿ ਕੋਰਟ ਨੇ ਵਿਵਾਦਤ ਭੂਮੀ ਰਾਮਲਲਾ ਵਿਰਾਜਮਾਨ ਨੂੰ ਦੇਣ ਤੋਂ ਇਲਾਵਾ ਅਯੁਧਿਆ ਵਿਚ ਹੀ ਮਸਜਿਦ ਬਣਾਉਣ ਲਈ ਪੰਜ ਏਕੜ ਜ਼ਮੀਨ ਦੇਣ ਦਾ ਵੀ ਹੁਕਮ ਦਿੱਤਾ ਹੈ।