ਰਾਮ ਮੰਦਰ ਸਬੰਧੀ ਸੁਪਰੀਮ ਕੋਰਟ ਫੈਸਲੇ ‘ਚ ਬਾਬੇ ਨਾਨਕ ਦੀ ਅਯੁੱਧਿਆ ਯਾਤਰਾ ਦਾ ਜ਼ਿਕਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਵਿਵਾਦ ‘ਤੇ ਇਤਿਹਾਸਕ ਫੈਸਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਸੰਨ 1510-11 ਵਿਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਅਯੁੱਧਿਆ ਯਾਤਰਾ ਕੀਤੀ ਸੀ।

Ayodhya Case

ਨਵੀਂ ਦਿੱਲੀ: ਅਯੁੱਧਿਆ ਵਿਵਾਦ ‘ਤੇ ਇਤਿਹਾਸਕ ਫੈਸਲੇ ਵਿਚ ਸੁਪਰੀਮ ਕੋਰਟ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਦੇ ਦਰਸ਼ਨ ਲਈ ਸੰਨ 1510-11 ਵਿਚ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਅਯੁੱਧਿਆ ਯਾਤਰਾ ਕੀਤੀ ਸੀ। ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਅਯੁੱਧਿਆ ਮਾਮਲੇ ਵਿਚ ਹਰ ਪੱਖ ਦੀਆਂ ਦਲੀਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲਾ ਸੁਣਾਇਆ। ਬੈਂਚ ਦਾ ਕਹਿਣਾ ਹੈ ਕਿ ਸਬੂਤਾਂ ਤੋਂ ਸਾਬਿਤ ਹੁੰਦਾ ਹੈ ਕਿ ਮਸਜਿਦ ਦੇ ਹੇਠਾਂ ਕੋਈ ਢਾਂਚਾ ਸੀ, ਜੋ ਇਸਲਾਮਿਕ ਨਹੀਂ ਸੀ।

ਇਸ ਫੈਸਲੇ ਦੌਰਾਨ ਬੈਂਚ ਨੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਯੁੱਧਿਆ ਯਾਤਰਾ ਦਾ ਹਵਾਲਾ ਦਿੱਤਾ। ਅਦਾਲਤ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਦੇ ਦਰਸ਼ਨਾਂ ਲਈ ਸੰਨ 1510-11 ਵਿਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਅਯੁੱਧਿਆ ਦੀ ਯਾਤਰਾ ਕੀਤੀ ਸੀ, ਜੋ ਹਿੰਦੂਆਂ ਦੀ ਆਸਥਾ ਅਤੇ ਵਿਸ਼ਵਾਸ ਨੂੰ ਹੋਰ ਦ੍ਰਿੜ ਕਰਦਾ ਹੈ ਕਿ ਇਹ ਸਥਾਨ ਭਗਵਾਨ ਰਾਮ ਦਾ ਜਨਮ ਸਥਾਨ ਹੈ।

ਸੰਵਿਧਾਨਕ ਬੈਂਚ ਨੇ ਬਿਨਾਂ ਕਿਸੇ ਦਾ ਨਾਮ ਲਏ ਕਿਹਾ ਕਿ ਪੰਜ ਜੱਜਾਂ ਵਿਚੋਂ ਇਕ ਨੇ ਇਸ ਦੇ ਸਮਰਥਨ ਵਿਚ ਇਕ ਅਲੱਗ ਸਬੂਤ ਰੱਖਿਆ। ਇਸ ਵਿਚ ਕਿਹਾ ਕਿ ਰਾਮ ਜਨਮ ਭੂਮੀ ਦੀ ਸਹੀ ਥਾਂ ਦੀ ਪਛਾਣ ਕਰਨ ਲਈ ਕੋਈ ਸਮੱਗਰੀ ਨਹੀਂ ਹੈ ਪਰ ਰਾਮ ਦੀ ਜਨਮ ਭੂਮੀ ਦੇ ਦਰਸ਼ਨ ਲਈ ਗੁਰੂ ਨਾਨਕ ਦੇਵ ਜੀ ਦੀ ਅਯੁੱਧਿਆ ਯਾਤਰਾ ਇਕ ਅਜਿਹੀ ਘਟਨਾ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ 1528 ਤੋਂ ਪਹਿਲਾਂ ਵੀ ਯਾਤਰੀ ਉੱਥੇ ਜਾ ਰਹੇ ਸਨ।

ਜ਼ਿਕਰਯੋਗ ਹੈ ਕਿ ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਕਿਹਾ ਕਿ ਵਿਵਾਦਤ ਜ਼ਮੀਨ ਰਾਮਲਲਾ ਦੀ ਹੈ। ਕੋਰਟ ਨੇ ਮੰਦਰ ਨਿਰਮਾਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਕਿਹਾ ਕਿ ਟਰੱਸਟ ਬਣਾ ਕੇ ਸਰਕਾਰ ਵੱਲੋਂ ਮੰਦਰ ਨਿਰਮਾਣ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕਿਹਾ ਕਿ ਮੁਸਲਿਮ ਪੱਖ ਨੂੰ ਕਿਤੇ ਹੋਰ ਪੰਜ ਏਕੜ ਜ਼ਮੀਨ ਦਿੱਤੀ ਜਾਵੇ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਫੈਸਲਾ ਪੜ੍ਹਿਆ। ਉਹਨਾਂ ਕਿਹਾ ਵਿਵਾਦਤ ਜ਼ਮੀਨ 2.77 ਏਕੜ ਜ਼ਮੀਨ ਦਾ ਕਬਜ਼ਾ ਕੇਂਦਰ ਸਰਕਾਰ ਦੇ ਰਿਸੀਵਰ ਕੋਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।