ਨਾਬਾਲਗ ਧੀ ਨਾਲ ਵਾਰ-ਵਾਰ ਬਲਾਤਕਾਰ ਕਰਨ 'ਤੇ ਪਿਤਾ ਨੂੰ 'ਆਖਰੀ ਸਾਹ ਤੱਕ ਕੈਦ'

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ੀ ਨੇ ਸਾਲ 2018 'ਚ ਆਪਣੀ ਬੇਟੀ ਨਾਲ ਕਈ ਵਾਰ ਬਲਾਤਕਾਰ ਕੀਤਾ ਸੀ

Image

 

ਇੰਦੌਰ - ਇੰਦੌਰ ਦੀ ਜ਼ਿਲ੍ਹਾ ਅਦਾਲਤ ਨੇ ਸ਼ਨੀਵਾਰ ਨੂੰ 13 ਸਾਲਾ ਲੜਕੀ ਦੇ ਪਿਤਾ ਨੂੰ ਵਾਰ-ਵਾਰ ਬਲਾਤਕਾਰ ਕਰਨ ਦਾ ਦੋਸ਼ੀ ਠਹਿਰਾਉਂਦਿਆਂ, ਉਸ ਨੂੰ ਆਖਰੀ ਸਾਹ ਤੱਕ ਕੈਦ ਦੀ ਸਜ਼ਾ ਸੁਣਾਈ।

ਵਿਸ਼ੇਸ਼ ਜੱਜ ਸੁਰੇਖਾ ਮਿਸ਼ਰਾ ਨੇ 32 ਸਾਲਾ ਦੋਸ਼ੀ ਨੂੰ ਭਾਰਤੀ ਦੰਡਾਵਲੀ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਸਜ਼ਾ ਸੁਣਾਈ।

ਅਦਾਲਤ ਨੇ ਦੋਸ਼ੀ 'ਤੇ 6,000 ਰੁਪਏ ਦਾ ਜੁਰਮਾਨਾ ਲਗਾਉਣ ਤੋਂ ਇਲਾਵਾ ਬਲਾਤਕਾਰ ਪੀੜਤ ਨੂੰ ਸਰਕਾਰੀ ਖਜ਼ਾਨੇ 'ਚੋਂ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਵੀ ਸਿਫ਼ਾਰਿਸ਼ ਕੀਤੀ ਹੈ।

ਵਿਸ਼ੇਸ਼ ਜੱਜ ਨੇ ਆਪਣੇ ਫ਼ੈਸਲੇ ਵਿੱਚ ਟਿੱਪਣੀ ਕੀਤੀ, “ਕੋਈ ਵੀ ਲੜਕੀ ਅਣਸੁਖਾਵੀਂ ਘਟਨਾ ਵਾਪਰਨ 'ਤੇ ਆਪਣੇ ਪਿਤਾ ਤੋਂ ਹੀ ਸੁਰੱਖਿਆ ਦੀ ਉਮੀਦ ਕਰੇਗੀ, ਪਰ ਜਦੋਂ ਪਿਤਾ ਹੀ ਆਪਣੀ ਧੀ ਨਾਲ ਘਿਨੌਣਾ ਅਪਰਾਧ ਕਰੇਗਾ, ਤਾਂ ਉਸ ਲੜਕੀ ਨੂੰ ਸਮਾਜ ਤੋਂ ਸੁਰੱਖਿਆ ਕਿਵੇਂ ਮਿਲੇਗੀ ਅਤੇ ਉਹ ਕਿਸ 'ਤੇ ਭਰੋਸਾ ਕਰੇਗੀ?"

ਵਿਸ਼ੇਸ਼ ਜੱਜ ਨੇ ਫ਼ੈਸਲੇ ਵਿੱਚ ਕਿਹਾ ਕਿ ਬਲਾਤਕਾਰ ਦੇ ਦੋਸ਼ੀ ਨੇ ਧੀ ਦਾ ਕੁਦਰਤੀ ਸਰਪ੍ਰਸਤ ਹੋਣ ਦੇ ਬਾਵਜੂਦ, ਇਹ ਘਿਨਾਉਣਾ ਅਪਰਾਧ ਕਰਕੇ ਨਾ ਸਿਰਫ਼ ਪੀੜਤਾ ਦੇ ਵਿਸ਼ਵਾਸ ਨੂੰ ਤੋੜਿਆ ਹੈ, ਸਗੋਂ ਪਿਤਾ ਦੇ ਸਨਮਾਨਯੋਗ ਅਹੁਦੇ ਦਾ ਵੀ ਮਜ਼ਾਕ ਉਡਾਇਆ ਹੈ।

ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਲਸੂੜੀਆ ਇਲਾਕੇ 'ਚ ਰਹਿਣ ਵਾਲੇ ਦੋਸ਼ੀ ਨੇ ਸਾਲ 2018 'ਚ ਆਪਣੀ ਬੇਟੀ ਨਾਲ ਕਈ ਵਾਰ ਬਲਾਤਕਾਰ ਕੀਤਾ ਸੀ।

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਪੀੜਤਾ ਨੂੰ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ, ਤਾਂ ਉਹ ਉਸ ਨੂੰ ਅਤੇ ਉਸ ਦੀ ਮਾਂ ਨੂੰ ਜਾਨੋਂ ਮਾਰ ਦੇਵੇਗਾ।