ਚੰਡੀਗੜ੍ਹ: ਨਾਭਾ ਬਲਾਕ ਦੇ ਪਿੰਡ ਚੌਧਰੀ ਮਾਜਰਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਤਰੇਆ ਪਿਤਾ ਪਿਛਲੇ ਇੱਕ ਸਾਲ ਤੋਂ ਆਪਣੀ 12 ਸਾਲਾ ਦੀ ਧੀ ਦਾ ਬਲਾਤਕਾਰ ਕਰ ਰਿਹਾ ਸੀ। ਮੁਲਜ਼ਮ ਕਮਲਜੀਤ ਸਿੰਘ ਪੀੜਤ ਬੱਚੀ ਨੂੰ ਜ਼ੁਬਾਨ ਖੋਲ੍ਹਣ 'ਤੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦਾ ਸੀ। ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਪੀੜਤ ਲੜਕੀ ਨੇ ਦਲੇਰੀ ਕਰਕੇ ਆਪਣੀ ਮਾਂ ਨੂੰ ਸਾਰੀ ਘਟਨਾ ਦੱਸ ਦਿੱਤੀ।
ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪੀੜਤ ਲੜਕੀ ਦੀ ਮਾਂ ਦੇ ਪਹਿਲੇ ਪਤੀ ਦੀ ਹਾਦਸੇ ਵਿਚ ਮੌਤ ਹੋ ਗਈ ਸੀ। ਪਹਿਲੇ ਪਤੀ ਦੇ 2 ਬੱਚੇ, 12 ਸਾਲਾਂ ਦੀ ਲੜਕੀ ਤੇ 7 ਸਾਲ ਦਾ ਲੜਕਾ ਸੀ। ਦੂਜੇ ਵਿਆਹ ਨੂੰ ਹਾਲੇ 4 ਸਾਲ ਹੀ ਹੋਏ ਸਨ ਕਿ ਮੁਲਜ਼ਮ ਕਮਲਜੀਤ ਸਿੰਘ ਆਪਣੀ ਹੀ ਮਤਰੇਈ ਧੀ ਨੂੰ ਡਰਾ-ਧਮਕਾ ਕੇ ਘਰ ਵਿਚ ਹੀ ਉਸ ਦਾ ਬਲਾਤਕਾਰ ਕਰਦਾ ਰਿਹਾ।
ਬੀਤੀ ਰਾਤ ਪੀੜਤ ਬੱਚੀ ਨੇ ਹਿੰਮਤ ਕਰ ਕੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸ ਦਿੱਤੀ। ਮਾਂ ਨੇ ਤੁਰੰਤ ਥਾਣਾ ਸਦਰ ਨਾਭਾ ਵਿਚ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਪਾਸਕੋ ਐਕਟ ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੀ ਦੀ ਮਾਂ ਨੇ ਆਪਣੇ ਪਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।