‘ਤੁਸੀਂ ਮੰਦਰ ਬਣਾ ਲਓ ਜਾਂ ਮਸਜਿਦ, ਅੰਦਰ ਅਮੀਰ ਦੁਆ ਮੰਗਣਗੇ ਤੇ ਬਾਹਰ ਗ਼ਰੀਬ ਭੀਖ’

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੇ ਸਾਬਕਾ ਜੱਜ ਦਾ ਭਾਜਪਾ ‘ਤੇ ਹਮਲਾ

Photo

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕਾਂਡੇ ਕਾਟਜੂ ਅਕਸਰ ਅਪਣੇ ਵਿਵਾਦਤ ਬਿਆਨਾਂ ਦੇ ਚਲਦਿਆਂ ਸੁਰਖੀਆਂ ਵਿਚ ਰਹਿੰਦੇ ਹਨ। ਇਕ ਵਾਰ ਫਿਰ ਉਹਨਾਂ ਨੇ ਟਵੀਟ ਦੇ ਜ਼ਰੀਏ ਤਿੱਖੀ ਟਿੱਪਣੀ ਕੀਤੀ ਹੈ। ਮੰਦਿਰ-ਮਸਜਿਦ ਦੇ ਨਿਰਮਾਣ ਨੂੰ ਲੈ ਕੇ ਉਹਨਾਂ ਨੇ ਭਾਜਪਾ ‘ਤੇ ਹਮਲਾ ਬੋਲਿਆ ਹੈ।

ਉਹਨਾਂ ਟਵੀਟ ਕੀਤਾ ਹੈ, ‘ਤੁਸੀਂ ਮੰਦਰ ਬਣਾ ਲਓ ਜਾਂ ਮਸਜਿਦ, ਅਮੀਰ ਅੰਦਰ ਦੁਆ ਮੰਗਣਗੇ ਅਤੇ ਗਰੀਬ ਬਾਹਰ ਭੀਖ’। ਦੱਸ ਦਈਏ ਕਿ ਮਾਰਕਾਂਡੇ ਕਾਟਜੂ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਯੁੱਧਿਆ ਵਿਚ ਰਾਮ ਮੰਦਰ ਟਰੱਸਟ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਮਸਜਿਦ ਲਈ ਜ਼ਮੀਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਉਹਨਾਂ ਦੇ ਇਸ ਟਵੀਟ ਨੂੰ ਲਗਭਗ 24 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਕੁਝ ਲੋਕਾਂ ਵੱਲੋਂ ਉਹਨਾਂ ਦੇ ਬਿਆਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਕਈ ਲੋਕਾਂ ਨੇ ਉਹਨਾਂ ਨੂੰ ਟਰੋਲ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਪੱਤਰਕਾਰ ਅਤੇ ਕਾਮੇਡੀ ਕਲਾਕਾਰ ਦੇ ਵਿਵਾਦ ਨੂੰ ਲੈ ਕੇ ਵੀ ਕਾਟਜੂ ਨੇ ਬਿਆਨ ਦਿੱਤਾ ਸੀ। ਦੱਸ ਦਈਏ ਕਿ ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਲਈ ਟਰੱਸਟ ਦਾ ਗਠਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿਚ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਐਲਾਨ ਕੀਤਾ ਸੀ।

ਹੁਣ ਰਾਮ ਮੰਦਿਰ ਤੀਰਥ ਖੇਤਰ ਦੀ ਪਹਿਲੀ ਬੈਠਕ 19 ਫਰਵਰੀ ਨੂੰ ਦਿੱਲੀ ਵਿਚ ਬੁਲਾਈ ਗਈ ਹੈ। ਇਸ ਬੈਠਕ ਵਿਚ ਨਵੇਂ ਮੈਂਬਰਾਂ ਦੀ ਚੋਣ ਹੋਵੇਗੀ। ਸੂਤਰਾਂ ਦਾ ਦਾਅਵਾ ਹੈ ਕਿ ਇਸ ਬੈਠਕ ਵਿਚ ਰਾਮ ਮੰਦਿਰ ਨਿਰਮਾਣ ਲਈ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ।